ਸਰਕਾਰ ਅੰਗਹੀਣਾਂ ਨੂੰ ਹਰ ਸੰਭਵ ਸਹੂਲਤ ਦੇਣ ਲਈ ਵਚਨਬੱਧ : ਜਿੰਪਾ

  • ਕੈਬਨਿਟ ਮੰਤਰੀ ਨੇ ਨੇਤਰਹੀਣ ਅਤੇ ਅੰਗਹੀਣ ਵਿਕਾਸ ਸੁਸਾਇਟੀ ਬਾਹੋਵਾਲ ਨੂੰ 1.25 ਲੱਖ ਰੁਪਏ ਨਕਦ ਦਿੱਤੇ

ਹੁਸ਼ਿਆਰਪੁਰ, 02 ਅਕਤੂਬਰ : ਕੈਬਨਿਟ ਮੰਤਰੀ ਪੰਜਾਬ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਨੇ ਨੇਤਰਹੀਣ ਅਤੇ ਅੰਗਹੀਣ ਵਿਕਾਸ ਸੁਸਾਇਟੀ ਬਾਹੋਵਾਲ ਨੂੰ 1.25 ਲੱਖ ਰੁਪਏ ਦੀ ਨਗਦ ਰਾਸ਼ੀ ਸੌਂਪਦਿਆਂ ਕਿਹਾ ਕਿ ਪੰਜਾਬ ਸਰਕਾਰ ਸਮਾਜ ਵਿੱਚ ਅੰਗਹੀਣਾਂ ਨੂੰ ਹਰ ਸੰਭਵ ਸਹੂਲਤਾਂ ਅਤੇ ਸਨਮਾਨ ਦੇਣ ਲਈ ਵਚਨਬੱਧ ਹੈ। ਇਸ ਦੌਰਾਨ ਉਨ੍ਹਾਂ ਸੁਸਾਇਟੀ ਦੇ ਬੱਚਿਆਂ ਨੂੰ ਖਾਣੇ ਦੇ ਪੈਕੇਟ ਵੀ ਸੌਂਪੇ। ਉਨ੍ਹਾਂ ਬੱਚਿਆਂ ਨਾਲ ਗੱਲਬਾਤ ਕੀਤੀ, ਉਨ੍ਹਾਂ ਦੀਆਂ ਰੁਚੀਆਂ ਨੂੰ ਜਾਣਿਆ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਰੁਚੀ ਅਨੁਸਾਰ ਉਨ੍ਹਾਂ ਨੂੰ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਬੱਚਿਆਂ ਨੇ ਵੀ ਸੰਗੀਤ ਰਾਹੀਂ ਆਪਣੇ ਹੁਨਰ ਨੂੰ ਸਭ ਦੇ ਸਾਹਮਣੇ ਪੇਸ਼ ਕੀਤਾ। ਕੈਬਨਿਟ ਮੰਤਰੀ ਨੇ ਸੁਸਾਇਟੀ ਨੂੰ ਭਵਿੱਖ ਵਿੱਚ ਹਰ ਸੰਭਵ ਮਦਦ ਦਾ ਭਰੋਸਾ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅੰਗਹੀਣਾਂ ਦੀ ਭਲਾਈ ਲਈ ਅਹਿਮ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਬੇਮਿਸਾਲ ਕਦਮ ਚੁੱਕਣ ਦੇ ਨਾਲ-ਨਾਲ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਵੀ ਯਕੀਨੀ ਬਣਾ ਰਹੀ ਹੈ। ਇਸ ਮੌਕੇ ਸੰਸਥਾ ਦੇ ਮੁਖੀ ਅਤਰ ਸਿੰਘ ਤੋਂ ਇਲਾਵਾ ਅੰਗਹੀਣ ਵਿਅਕਤੀ ਅਤੇ ਸੁਸਾਇਟੀ ਦੇ ਮੈਂਬਰ ਆਦਿ ਹਾਜ਼ਰ ਸਨ।