ਪਹਿਲਾਂ ਕਾਨੂੰਨ ਵਿਵਸਥਾ ਦੇ ਹਾਲਾਤ ਕਾਬੂ ਹੇਠ ਕਰੋ, ਫਿਰ ਕਰਵਾਉਣਾ ’ਇਨਵੈਸਟ ਪੰਜਾਬ’ ਸੰਮੇਲਨ : ਸੁਖਬੀਰ ਬਾਦਲ

  • ਜਦੋਂ ਇੰਡਸਟਰੀ ਨੂੰ ਦੇਣ ਵਾਸਤੇ ਕੁਝ ਵੀ ਵਿਸ਼ੇਸ਼ ਸਹੂਲਤ ਤੇ ਪ੍ਰੋਤਸਾਹਨ ਤੇ ਢੁਕਵੀਂ ਬਿਜਲੀ ਨਹੀਂ ਤਾਂ ਫਿਰ ਤੁਸੀ਼ ਨਿਵੇਸ਼ਕਾਂ ਨੂੰ ਕਿਵੇਂ ਆਕਰਸ਼ਤ ਕਰ ਸਕਦੇ ਹੋ  : ਬਾਦਲ  
  • ਨਿਵੇਸ਼ਕਾਂ ਨੂੰ ਆਕਰਸ਼ਤ ਕਰਨ ਨਾਲੋਂ ਆਪ ਸਰਕਾਰ ਅਗਲੇ ਦਿਨ ਪੂਰੇ ਸਫੇ ਦੇ ਇਸ਼ਤਿਹਾਰ ਦੇਣ ਪ੍ਰਤੀ ਜ਼ਿਆਦਾ ਚਿੰਤਤ

ਜਲੰਧਰ, 22 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੇ ਖੋਖਲੇ ਦਾਅਵਿਆਂ ਰਾਹੀਂ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਮੁਹਿੰਮ ਤੋਂ ਬਾਜ ਆਉਣ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਨੇ ਕੀਤਾ, ਉਹਨਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਕਾਨੂੰਨ ਵਿਵਸਥਾ ਕੰਟਰੋਲ ਹੇਠ ਆਉਣ ਮਗਰੋਂ ਅਤੇ ਇੰਡਸਟਰੀ ਨੂੰ ਦੇਣ ਲਈ ਢੁਕਵੀਂ ਬਿਜਲੀ, ਸਹੂਲਤਾਂ ਤੇ ਪ੍ਰੋਤਸਾਹਨ ਉਪਲਬਧ ਹੋਣ ’ਤੇ ਹੀ ਨਿਵੇਸ਼ ਪੰਜਾਬ ਸੰਮੇਲਨ ਕਰਵਾਉਣ। ਮੁਹਾਲੀ ਵਿਚ ਭਲਕੇ ਤੋਂ ਸ਼ੁਰੂ ਹੋ ਰਹੇ ਦੋ ਰੋਜ਼ਾ ’ਇਨਵੈਸਟ ਪੰਜਾਬ’ ਸੰਮੇਲਨ ਦੇ ਹਊਏ ਦਾ ਭਾਂਡਾ ਭੰਨਦਿਆਂ ਅਕਾਲੀ ਦਲ ਦੇ ਪ੍ਰਧਾਨ ਨੇਮੁੱਖ ਮੰਤਰੀ ਨੂੰ ਆਖਿਆ ਕਿ ਉਹ ਝੂਠੇ ਇਸ਼ਤਿਹਾਰਾਂ ’ਤੇ ਜਨਤਾ ਦਾ ਪੈਸਾ ਬਰਬਾਦ ਕਰਨ ਦਾ ਗੁਨਾਹ ਬੰਦ ਕਰਨ। ਉਹਨਾਂ ਕਿਹਾ ਕਿ ਬਜਾਏ ਨਿਵੇਸ਼ਕਾਂ ਨੂੰ ਆਕਰਸ਼ਤ ਕਰਨ ਵਾਸਤੇ ਸਹੂਲਤਾਂ ਦੀ ਸਿਰਜਣਾ ਦੇ, ਸਰਕਾਰ ਨੂੰ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਇਨਵੈਸਟ ਪੰਜਾਬ ਦੀ ਸਫਲਤਾ ਦੇ ਇਸ਼ਤਿਹਾਰ ਦੇਣ ਵਿਚ ਜ਼ਿਆਦਾ ਦਿਲਚਸਪੀ ਹੈ। ਸਰਦਾਰ ਬਾਦਲ ਨੇ ਪੁੱਛਿਆ ਕਿ ਜਦੋਂ ਇਕ ਰਾਜ ਸਰਕਾਰ ਜਿਸਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੋਵੇ, ਕੋਲ ਸੂਬੇ ਵਿਚ ਉਦਯੋਗ ਨੁੰ ਦੇਣ ਲਈ ਕੁਝ ਵੀ ਆਕਰਸ਼ਤ ਨਾ ਹੋਵੇ ਅਤੇ ਸੱਤਾਧਾਰੀ ਪਾਰਟੀ ਦੇ ਆਗੂ ਸਿੱਧੇ ਤੌਰ ’ਤੇ ਆਬਕਾਰੀ ਘੁਟਾਲੇ, ਮਾਇਨਿੰਗ ਘੁਟਾਲੇ ਤੇ ਫਿਰੌਤੀਆਂ ਵਰਗੇ ਅਪਰਾਧਾਂ ਵਿਚ ਸ਼ਾਮਲ ਹੋਣ ਤਾਂ ਫਿਰ ਕੋਈ ਸੂਬੇ ਵਿਚ ਨਿਵੇਸ਼ ਕਰਨ ਦਾ ਜ਼ੋਖ਼ਮ ਕਿਉਂ ਚੁੱਕੇਗਾ? ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਸੂਬੇ ਨੂੰ ਬਿਜਲੀ ਸਰਪਲੱਸ ਬਣਾਇਆ ਪਰ ਮੰਦੇ ਭਾਗਾਂ ਨੂੰ ਸੂਬੇ ਵਿਚ ਹੁਣ ਬਿਜਲੀ ਦੀ ਘਾਟ ਦਾ ਗੰਭੀਰ ਸੰਕਟ ਚਲ ਰਿਹਾ ਹੈ ਕਿਉਂਕਿ ਸਮੇਂ ਦੀ ਕਾਂਗਰਸ ਸਰਕਾਰ ਤੇ ਹੁਣ ਆਪ ਸਰਕਾਰ ਨੇ ਬਿਜਲੀ ਦੀ ਮੰਗ ਦੀ ਸਮੀਖਿਆ ਕਰ ਕੇ ਦਰੁੱਸਤੀ ਭਰੇ ਕਦਮ ਚੁੱਕਣ ਵੱਲ ਗੌਰ ਹੀ ਨਹੀਂ ਕੀਤਾ। ਉਹਨਾਂ ਕਿਹਾ ਕਿ ਸੂਬੇ ਵਿਚ ਪਿਛਲੇ 6 ਸਾਲਾਂ ਵਿਚ ਇਕ ਵੀ ਨਵਾਂ ਬਿਜਲੀ ਪ੍ਰਾਜੈਕਟ ਨਹੀਂ ਲੱਗਾ। ਉਹਨਾਂ ਕਿਹਾ ਕਿ ਇੰਨਾ ਹੀ ਨਹੀਂ ਬਿਜਲੀ ਕੰਪਨੀ ਪਾਵਰਕਾਮ ਲਹੂ ਲੁਹਾਨ ਹੋਈ ਪਈ ਹੈ ਕਿਉਂਕਿ ਸੂਬਾ ਸਰਕਾਰ ਸਬਸਿਡੀ ਦੇ ਬਿੱਲ ਦੀ ਅਦਾਇਗੀ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਬਿਜਲੀ ਦੀ ਅਣਹੋਂਦ ਵਿਚ ਇਥੇ ਇੰਡਸਟਰੀ ਕਿਵੇਂ ਚੱਲੇਗੀ? ਸਰਦਾਰ ਬਾਦਲ ਨੇ ਹੋਰ ਕਿਹਾ ਕਿ ਜਦੋਂ ਨਵੀਂ ਇੰਡਸਟਰੀ ਲਈ ਗੁਆਂਢੀ ਰਾਜ ਵਿਚ ਲੱਗੀਆਂ ਇਕਾਈਆਂ ਨਾਲ ਮੁਕਾਬਲੇ ਵਾਸਤੇ ਨਵੀਂ ਇੰਡਸਟਰੀ ਨੀਤੀ ਵਿਚ ਕੋਈ ਵੀ ਪ੍ਰੋਤਸਾਹਨ ਨਹੀਂ ਦਿੱਤਾ ਗਿਆ ਤਾਂ ਫਿਰ ਇਸੇ ਕਾਰਨ ਪੰਜਾਬ ਦੀ ਇੰਡਸਟਰੀ ਯੂ ਪੀ, ਐਮ ਪੀ, ਪੱਛਮੀ ਬੰਗਾਲ ਤੇ ਜੰਮੂ ਕਸ਼ਮੀਰ ਵਰਗੇ ਰਾਜਾਂ ਵਿਚ ਜਾ ਰਹੀ ਹੈ। ਇਹ ਮਾਮਲਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਚੁੱਕੀ ਹੈ। ਇਥੇ ਕੋਈ ਵੀ ਸੁਰੱਖਿਅਤ ਨਹੀਂ ਹੈ। ਗੈਂਗਸਟਰ ਸੂਬੇ ’ਤੇ ਰਾਜ ਕਰ ਰਹੇ ਹਨ। ਉਹਨਾਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਵਿਧਾਇਕ ਵੀ ਵੱਡੇ ਉਦਯੋਗਪਤੀਆਂ ਤੇ ਵਪਾਰੀਆਂ ਤੋਂ ਫਿਰੌਤੀਆਂ ਵਸੂਲਣ ਵਾਸਤੇ ਗੈਂਗਸਟਰਾਂ ਨਾਲ ਰਲ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਵੱਡੀ ਗਿਣਤੀ ਵਿਚ ਵਪਾਰੀ ਆਪ ਆਗੂਆਂ ਦੀ ਸਰਪ੍ਰਸਤੀ ਨਾਲ ਆਪਣਾ ਧੰਦਾ ਚਲਾ ਰਹੇ ਗੈਂਗਸਟਰਾਂ ਨੂੰ ਫਿਰੌਤੀਆਂ ਦੇ ਰਹੇ ਹਨ। ਉਹਨਾਂ ਨੇ ਮੁੱਖ ਮੰਤਰੀ ਦੀ ਸੂਬੇ ਦੀ ਕਾਨੂੰਨ ਵਿਵਸਥਾ ’ਤੇ ਕੋਈ ਪਕੜ ਨਾ ਹੋਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਫਿਰੋਜ਼ਪੁਰ, ਸਮਾਣਾ ਤੇ ਪਾਸਲਾ (ਫਿਲੌਰ) ਵਿਚ ਇਸ ਹਫਤੇ ਵਾਪਰੀਆਂ ਘਟਨਾਵਾਂ ਦੀਆਂ ਵੀਡੀਓ ਵਾਇਰਲ ਹੋਈਆਂ ਹਨ, ਪਰ ਪੁਲਿਸ ਨੇ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ। ਅਕਾਲੀ ਦਲ ਦੇ ਪ੍ਰਧਾਨ ਨੇ ਅਕਾਲੀ ਦਲ ਸਰਕਾਰ ਵੱਲੋਂ ਲੋਕਾਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਚੁੱਕੇ ਕਦਮਾਂ ਬਾਰੇ ਲੋਕਾਂ ਨੂੰ ਚੇਤੇ ਕਰਵਾਉਂਦਿਆਂ ਕਿਹਾ ਕਿ ਇਨਵੈਸਟ ਪੰਜਾਬ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸ਼ੁਰੂ ਕੀਤਾ ਸੀ। ਉਹਨਾਂ ਕਿਹਾ ਕਿ ਉਸ ਵੇਲੇ ਸਾਡੇ ਕਾਰਜਕਾਲ ਵਿਚ ਬਿਨਾਂ ਤੰਗ ਪ੍ਰੇਸ਼ਾਨੀ ਦੇ ਕੰਮ ਕਰਨ ਦੀ ਵਿਵਸਥਾ ਸੀ। ਸਾਰੀਆਂ ਮਨਜ਼ੂਰੀਆਂ ਇਕ ਹੀ ਛੱਤ ਹੇਠ ਇਕ ਨਿਸ਼ਚਿਤ ਸਮੇਂ ਵਿਚ ਹੀ ਮਿਲ ਜਾਂਦੀਆਂ ਸਨ। ਅਸੀਂ ਇਨਵੈਸਟ ਪੰਜਾਬ ਸੰਮੇਲਨ ਸ਼ੁਰੂ ਕੀਤਾ ਜਿਸ ਦੌਰਾਨ ਅਸੀਂ ਹਜ਼ਾਰਾਂ ਕਰੋੜਾਂ ਰੁਪਏ ਦਾ ਨਿਵੇਸ਼ ਲਿਆਂਦਾ ਕਿਉਂਕਿ ਅਸੀਂ 4 ਅਤੇ 6 ਮਾਰਗੀ ਸੜਕਾਂ ਬਣਾਈਆਂ, ਹਵਾਈ ਅੱਡੇ ਬਣਾਏ ਤੇ ਵਿਕਾਸ ਵਾਸਤੇ ਢੁਕਵਾਂ ਮਾਹੌਲ ਦਿੱਤਾ। ਉਹਨਾਂ ਕਿਹਾ ਕਿ ਮੰਦੇਭਾਗਾਂ ਨੂੰ ਕਾਂਗਰਸ ਤੇ ਆਪ ਸਰਕਾਰ ਨੇ ਇਸ ਵਿਭਾਗ ਨੂੰ ਨਿਵੇਸ਼ ਪੰਜਾਬ ਤੋਂ ਅਪਨਿਵੇਸ਼ ਪੰਜਾਬ ਬਣਾ ਦਿੱਤਾ ਤੇ ਹਾਲਾਤ ਬਦ ਤੋਂ ਬਦਤਰ ਹੁੰਦੇ ਚਲੇ ਗਏ ਹਨ। ਉਹਨਾਂ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਸੈਂਕੜੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਮੀਡੀਆ ਅਤੇ ਕੌਮਾਂਤਰੀ ਹਵਾਈ ਅੱਡਿਆਂ ਵਾਸਤੇ ਜਾਰੀ ਕਰਨ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਹਨਾਂ ਇਸ਼ਤਿਹਾਰਾਂ ਰਾਹੀਂਇਹ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ 10 ਮਹੀਨਿਆਂ ਵਿਚ ਸੱਚਮੁੱਚ ਹੀ 40 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਤੇ 2.5 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਹੈ। ਉਹਨਾਂ ਕਿਹਾਕਿ ਉਹ ਮੁੱਖ ਮੰਤਰੀ ਨੂੰ ਚੁਣੌਤੀ ਦਿੰਦੇ ਹਨ ਕਿ ਉਹ ਉਹਨਾਂ ਉਦਯੋਗਾਂ ਦੇ ਨਾਂ ਇਸ਼ਤਿਹਾਰਾਂ ਵਿਚ ਛਪਵਾਉਣ ਤੇ ਜਿਹਨਾਂ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਭਾਵੇਂ ਪਿੰਡ ਵਾਰ ਜਾਂ ਜ਼ਿਲ੍ਹੇ ਵਾਰ, ਉਹਨਾਂ ਦੀਆਂ ਸੂਚੀਆਂ ਵੀ ਇਸ਼ਤਿਹਾਰਾਂ ਵਿਚ ਛਪਵਾ ਕੇ ਵਿਖਾਉਣ। ਉਹਨਾਂ ਨੇ ਕੇਂਦਰੀ ਫੰਡਾਂ ਦੀ ਦੁਰਵਰਤੋਂ ’ਤੇ ਵੀ ਚਿੰਤਾ ਜ਼ਾਹਰ ਕੀਤੀ ਜਿਸ ਕਾਰਨ ਆਯੁਸ਼ਮਾਨ ਭਾਰਤ ਸਕੀਮ ਤਹਿਤ ਗਰੀਬਾਂ ਦਾ ਮੁਫਤ ਇਲਾਜ ਹੋਣਾ ਬੰਦ ਹੋ ਗਿਆ ਹੇ। ਉਹਨਾਂ ਕਿਹਾ ਕਿ ਸਾਡੇ ਵੱਲੋਂ ਖੋਲ੍ਹੇ ਸੇਵਾ ਕੇਂਦਰਾਂ ਨੂੰ ਬੰਦ ਕਰ ਕੇ ਲੋਕਾਂ ਦੇ ਕਰੋੜਾਂ ਰੁਪਏ ਬਰਬਾਦ ਕੀਤੇ ਗਏ ਤੇ ਫਿਰ ਇਹਨਾਂ ਦੀ ਲੀਪਾ ਪੋਚੀ ਕਰ ਕੇ ਇਹਨਾਂ ਨੂੰ ਆਮ ਆਦਮੀ ਕਲੀਨਿਕ ਬਣਾਉਣ ’ਤੇ ਫਿਰ ਪੈਸਾ ਬਰਬਾਦ ਕੀਤਾ ਗਿਆ ਜਦੋਂ ਕਿ ਅਸਲ ਵਿਚ ਸੁਬੇ ਵਿਚ ਸਿਹਤ ਸੰਭਾਲ ਢਾਂਚਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਚੁੱਕਾ ਹੈ। ਅੱਜ ਦੇ ਦੌਰੇ ਦੌਰਾਨ ਸਰਦਾਰ ਬਾਦਲ ਦੇ ਨਾਲ ਚੰਦਨ ਗਰੇਵਾਲ, ਜਗਬੀਰ ਬਰਾੜ, ਪਵਨ ਟੀਨੂੰ, ਕੁਲਵੰਤ ਸਿੰਘ ਮੰਨਣ, ਰਾਜ ਕੁਮਾਰ ਗੁਪਤਾ, ਅਨਿਲ ਜੋਸ਼ੀ ਤੇ ਕਬੀਰ ਦਾਸ ਵੀ ਹਾਜ਼ਰ ਸਨ।