ਹੜ੍ਹ ਪ੍ਰਭਾਵਿਤ ਸਕੂਲਾਂ ਦੇ ਬੱਚਿਆਂ ਦੀਆਂ ਵਾਧੂ ਕਲਾਸਾਂ ਲਗਵਾ ਕੇ ਗੈਪ ਦੀ ਕੀਤੀ ਭਰਪਾਈ

  • ਤਿੰਨ ਸਰਕਾਰੀ ਸਕੂਲਾਂ ਦੇ 300 ਬੱਚਿਆਂ ਨੇ ਲਗਾਈਆਂ ਵਾਧੂ ਕਲਾਸਾਂ
  • ਹੌਂਸਲਾ ਵਧਾਉਣ ਲਈ ਵਿਦਿਆਰਥੀਆਂ ਨੂੰ 600 ਸਕੂਲ ਬੈਗ ਅਤੇ 600 ਸਟੇਸ਼ਨਰੀ ਕਿੱਟਾਂ ਕੀਤੀਆਂ ਭੇਟ
  • ਰੈੱਡ ਕਰਾਸ ਸੁਸਾਇਟੀ ਨੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਸਕੂਲਾਂ ਨੂੰ ਭੇਟ ਕੀਤੇ 200 ਵਾਟਰ ਕੂਲਰ ਅਤੇ ਹੋਰ ਰਾਹਤ ਸਮੱਗਰੀ

ਹੁਸ਼ਿਆਰਪੁਰ, 8 ਸਤੰਬਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾਬਪੁਰ ਦੀ ਅੱਠਵੀਂ ਦੇ ਵਿਦਿਆਰਥੀਆਂ ਗੁਰਪ੍ਰੀਤ ਕੌਰ, ਸੁਖਮਨ, ਸਾਹਿਬਪ੍ਰੀਤ ਸਿੰਘ ਅਤੇ ਹਰਮਨ ਅੱਜ ਨਵੇਂ ਸਕੂਲ ਬੈਗ ਅਤੇ ਸਟੇਸ਼ਨਰੀ ਕਿੱਟ ਪਾ ਕੇ ਬਹੁਤ ਖੁਸ਼ ਹਨ। ਖੁਸ਼ੀ ਇਸ ਗੱਲ ਦੀ ਵੀ ਹੈ ਕਿ ਪਿਛਲੇ ਦਿਨੀਂ ਇਲਾਕੇ ਵਿਚ ਹੜ੍ਹ ਆਉਣ ਕਾਰਨ ਸਕੂਲ ਬੰਦ ਹੋਣ ਦੇ ਬਾਵਜੂਦ ਅਧਿਆਪਕਾਂ ਨੇ ਆਨਲਾਈਨ ਕਲਾਸਾਂ ਲਗਾ ਕੇ ਉਨ੍ਹ ਨੂੰ ਅਤੇ ਉਨ੍ਹਾਂ ਦੇ ਸਕੂਲ ਦੇ ਹੋਰਨਾਂ ਬੱਚਿਆਂ ਨੂੰ ਪੜ੍ਹਾਈ ਵਿਚ ਪਿੱਛੇ ਨਹੀਂ ਰਹਿਣ ਦਿੱਤਾ। ਇਹ ਸੰਭਵ ਹੋ ਪਾਇਆ ਹੈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਦੀ ਦੂਰਦਰਸ਼ੀ ਸੋਚ ਕਾਰਨ, ਜਿਨ੍ਹਾਂ ਨੇ ਕੁਦਰਤੀ ਆਫਤ ਸਮੇਂ ਹਰ ਛੋਟੀ ਤੇ ਵੱਡੀ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪ੍ਰਭਾਵਿਤ ਲੋਕਾਂ ਦਾ ਹੱਥ ਫੜਿਆ ਹੈ। ਉਨ੍ਹਾਂ ਨੇ ਹੜ੍ਹਾਂ ਕਾਰਨ ਬੰਦ ਉਨ੍ਹਾਂ ਸਕੂਲਾਂ ਦੇ ਬੱਚਿਆਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਪ੍ਰਭਾਵਿਤ ਸਕੂਲ, ਜਿਨ੍ਹਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾਬਪੁਰ, ਸਰਕਾਰੀ ਹਾਈ ਸਕੂਲ ਹਲੇੜ ਜਨਾਰਦਨ ਅਤੇ ਸਰਕਾਰੀ ਮਿਡਲ ਸਕੂਲ ਫੱਤਾ ਕੁੱਲਾ ਸ਼ਾਮਲ ਹਨ, ਦੇ ਅਧਿਆਪਕਾਂ ਨੇ ਆਨਲਾਈਨ ਅਤੇ ਆਫ਼ਲਾਈਨ ਵਾਧੂ ਕਲਾਸਾਂ ਲਗਾ ਕੇ ਬੱਚਿਆਂ ਨੂੰ ਪਿਛਲਾ ਸਾਰਾ ਸਿਲੇਬਸ ਕਵਰ ਕਰਵਾਇਆ, ਤਾਂ ਜੋ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਇਨ੍ਹਾਂ ਸਕੂਲਾਂ ਦੇ 300 ਤੋਂ ਵੱਧ ਬੱਚਿਆਂ ਨੇ ਇਹ ਕਲਾਸਾਂ ਅਟੈਂਡ ਕਰਕੇ ਇਸ ਦਾ ਲਾਭ ਉਠਾਇਆ ਹੈ। ਹੜ੍ਹ ਪ੍ਰਭਾਵਿਤ ਸਕੂਲਾਂ ਦੇ ਬੱਚਿਆਂ ਨਾਲ ਕੀਤੇ ਇਕ ਹੋਰ ਵਾਅਦੇ ਨੂੰ ਨਿਭਾਉਂਦੇ ਹੋਏ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਰਾਹੀਂ ਪ੍ਰਭਾਵਿਤ ਇਲਾਕਿਆਂ ਦੇ ਆਂਗਣਵਾੜੀ ਕੇਂਦਰਾਂ ਅਤੇ ਸਕੂਲਾਂ ਦੇ ਬੱਚਿਆਂ ਨੂੰ 600 ਸਕੂਲ ਬੈਗ ਅਤੇ 600 ਸਟੇਸ਼ਨਰੀ ਕਿੱਟਾਂ ਭੇਟ ਕੀਤੀਆਂ। ਇਸ ਤੋਂ ਇਲਾਵਾ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿਚ ਬੱਚਿਆਂ ਤੱਕ ਸਾਫ਼-ਸੁਥਰਾ ਪਾਣੀ ਪਹੁੰਚਾਉਣ ਲਈ 200 ਵਾਟਰ ਫਿਲਟਰ ਵੀ ਦਿੱਤੇ। ਆਈ.ਏ.ਐਸ. ਅਫ਼ਸਰ ਦਿਵਿਆ.ਪੀ ਦੀ ਅਗਵਾਈ ਵਿਚ ਅੱਜ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਕੈਰੀਅਰ ਕਾਊਂਸਲਰ ਅਦਿਤਿਆ ਰਾਣਾ ਅਤੇ ਰੈੱਡ ਕਰਾਸ ਦੀ ਪੂਰੀ ਟੀਮ ਨੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿਚ ਜਾ ਕੇ ਇਹ ਸਮੱਗਰੀ ਵਿਦਿਆਰਥੀਆਂ ਅਤੇ ਬੱਚਿਆਂ ਨੂੰ ਭੇਟ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੜ੍ਹਾਂ ਦੌਰਾਨ ਬੱਚਿਆਂ ਦੀ ਪੜ੍ਹਾਈ ਵਿਚ ਆਏ ਗੈਪ ਨੂੰ ਪੂਰਾ ਕਰਨ ਲਈ ਸਬੰਧਤ ਸਕੂਲਾਂ ਵਲੋਂ ਐਕਸਟਰਾ ਆਨਲਾਈਨ ਕਲਾਸਾਂ ਲਗਾਈਆਂ ਗਈਆਂ ਹਨ, ਤਾਂ ਜੋ ਹੜ੍ਹਾਂ ਕਾਰਨ ਪ੍ਰਭਾਵਿਤ ਪੜ੍ਹਾਈ ਦੇ ਗੈਪ ਨੂੰ ਕਵਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਇਨ੍ਹਾਂ ਬੱਚਿਆਂ ਅਤੇ ਆਂਗਣਵਾੜੀ ਕੇਂਦਰਾਂ ਵਿਚ ਆਉਣ ਵਾਲੇ ਬੱਚਿਆਂ ਦਾ ਹੌਂਸਲਾ ਵਧਾਉਣ ਲਈ ਬੱਚਿਆਂ ਨੂੰ ਦਿੱਤੀਆਂ ਗਈਆਂ ਕਿੱਟਾਂ ਵਿਚ ਸਕੂਲ ਬੈਗ, ਪਾਣੀ ਦੀਆਂ ਬੋਤਲਾਂ, ਲੰਚ ਬਾਕਸ, ਕਾਰਡ ਬੋਰਡ, ਡਰਾਇੰਗ ਬੁੱਕ, ਨੋਟ ਬੁੱਕ, ਕ੍ਰਿਆਂਨਸ, ਸਕੈਚ ਪੈਨ ਦਾ ਸੈੱਟ, ਬਾਲ ਪੈਨ ਸੈੱਟ,  ਪੈਂਸਿਲ ਸੈੱਟ, ਰਬੜ, ਸ਼ਾਰਪਨਰ ਆਦਿ ਸ਼ਾਮਲ ਹਨ। ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਲੁਧਿਆਣਾ ਬੈਵਰੇਜਿਜ਼, ਵਰਧਮਾਨ ਇੰਡਸਟਰੀ, ਉਨਤੀ ਸੁਸਾਇਟੀ ਅਤੇ ਜੀ.ਐਨ.ਏ ਯੂਨੀਵਰਸਿਟੀ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਹਰ ਸੰਭਵ ਮਦਦ ਪਹੁੰਚਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਹੜ੍ਹ ਪੀੜਤਾਂ ਲਈ ਰਾਹਤ ਸਬੰਧੀ 6 ਵੈਨਸ ਭੇਜੀਆਂ ਗਈਆਂ ਹਨ, ਇਸ ਵਿਚ ਦੋ ਹਜ਼ਾਰ ਹਾਈਜੀਨ ਕਿੱਟਸ, 250 ਗੱਦੇ, 1 ਟਨ ਰੈਡੀ ਟੂ ਕੁੱਕ ਖਿਚੜੀ, 50 ਕਿਲੋ ਆਂਵਲੇ ਦਾ ਮੁਰੱਬਾ, 300 ਮੱਛਰਦਾਨੀਆਂ, 100 ਵਾਟਰ ਪਰੂਫ ਤ੍ਰਿਪਾਲਾਂ, ਪਾਣੀ ਦੀ 1 ਲੀਟਰ ਵਾਲੀ ਟੈਂਕੀ, 20 ਹਜ਼ਾਰ ਬੋਤਲਾਂ, 1 ਹਜ਼ਾਰ ਓਡੋਮੋਸ, 1 ਹਜ਼ਾਰ (ਬਰੈਡ, ਜੈਮ ਤੇ ਦੁੱਧ ਪੈਕਟ) ਸ਼ਾਮਿਲ ਹਨ।