ਕਿਸਾਨਾਂ ਨੂੰ ਕਣਕ ਬੀਜ ‘ਤੇ 50 ਫੀਸਦੀ ਦਿੱਤੀ ਜਾਵੇਗੀ ਸਬਸਿਡੀ 

  • ਕਿਸਾਨ ਕਣਕ ਦਾ ਬੀਜ ਪ੍ਰਾਪਤ ਕਰਨ ਲਈ ਆਨ ਲਾਈਨ ਪੋਰਟਲ ‘ਤੇ ਕਰ ਸਕਦੇ ਹਨ ਅਪਲਾਈ

ਨਵਾਂਸ਼ਹਿਰ, 11 ਅਕਤੂਬਰ : ਪੰਜਾਬ ਸਰਕਾਰ ਵੱਲੋ ਇਸ ਸਾਲ ਕਣਕ ਬੀਜ ‘ਤੇ ਦਿੱਤੀ ਜਾਣ ਵਾਲੀ ਸਬਸਿਡੀ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਗੁਰਦੇਵ ਸਿੰਘ ਨੇ ਦੱਸਿਆ ਕਿ ਕਣਕ ਦੇ ਤਸਦੀਕਸ਼ੁੱਦਾ ਬੀਜ ਦੀ ਕੀਮਤ ਦਾ 50 ਫੀਸਦੀ ਜਾਂ ਵੱਧ ਤੋਂ ਵੱਧ 1 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਦਿਤੀ ਜਾਵੇਗੀ। ਇੱਕ ਕਿਸਾਨ ਨੂੰ ਵੱਧ ਤੋਂ ਵੱਧ ਪੰਜ ਏਕੜ ਲਈ ਬੀਜ ਤੇ ਸਬਸਿਡੀ ਦਿਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਕੀਤੀਆਂ ਗਾਈਡਲਾਈਨਜ਼ ਅਨੁਸਾਰ ਕਿਸਾਨ ਕੇਵਲ ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ ਵੱਲੋਂ ਰਾਜਿਸਟਰਡ ਕੀਤੇ ਸਰਕਾਰੀ/ਅਰਧ ਸਰਕਾਰੀ ਸੰਸਥਾਵਾਂ/ ਅਦਾਰੇ ਜਿਵੇਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪਨਸੀਡ ਐਨ.ਐਸ.ਸੀ, ਇਫਕੋ, ਆਈ.ਐਫ.ਐਫ.ਡੀ.ਸੀ, ਐਚ.ਆਈ.ਐਲ, ਨੇਫੇਡ, ਐਨ.ਐਫ.ਐਲ ਅਤੇ ਕਰਿਭਕੋ ਤੋਂ ਹੀ ਤਸਦੀਕਸ਼ੁਦਾ ਬੀਜ ਸਬਸਿਡੀ ਦੀ ਰਕਮ ਘਟਾ ਕੇ ਪ੍ਰਾਪਤ ਕਰਨਗੇ। ਪ੍ਰਾਈਵੇਟ ਬੀਜ ਵਿਕਰੇਤਾ ਤੋਂ ਖਰੀਦੇ ਬੀਜ ‘ਤੇ ਸਬਸਿਡੀ ਨਹੀਂ ਦਿਤੀ ਜਾਵੇਗੀ। ਕਿਸਾਨ ਕਣਕ ਦਾ ਬੀਜ ਪ੍ਰਾਪਤ ਕਰਨ ਲਈ ਆਨ ਲਾਈਨ ਪੋਰਟਲ www.agrimachinerypb.com ‘ਤੇ ਆਈ.ਡੀ. ਬਣਾ ਕੇ ਨਿਰਧਾਰਿਤ ਪ੍ਰੋਫ਼ਾਰਮੇ ਵਿੱਚ ਆਪਣਾ ਬਿਨੈਪੱਤਰ 31 ਅਕਤੂਬਰ 2023 ਤੱਕ ਭਰ ਸਕਦੇ ਹਨ। ਵਿਭਾਗ ਦੇ ਦਫਤਰ ਸ਼ਨਿਚਰਵਾਰ ਅਤੇ ਐਤਵਾਰ ਨੂੰ ਵੀ ਖੁੱਲੇ ਰਹਿਣਗੇ। ਕਿਸਾਨ ਆਪਣੀ-ਆਪਣੀ ਆਈ.ਡੀ. ਤੋਂ ਸੈਕਸ਼ਨ ਡਾਊਨਲੋਡ ਕਰ ਸਕਣਗੇ। ਬੀਜ ਖ੍ਰੀਦ ਦੇ ਬਿੱਲ ਆਨਲਾਈਨ ਹੀ ਕੱਟੇ ਜਾਣਗੇ।ਇਸ ਸੰਬੰਧੀ ਵਿਭਾਗ ਦੀ ਵੈੱਬਸਾਇਟ www.agri.punjab.gov.in ‘ਤੇ ਵੀ ਸੂਚਿਤ ਕੀਤਾ ਜਾਵੇਗਾ। ਕਣਕ ਬੀਜ ਦੀ ਸਬਸਿਡੀ ਦੀ ਵੰਡ ਪਹਿਲਾਂ ਢਾਈ ਏਕੜ ਰਕਬੇ ਵਾਲੇ ਕਿਸਾਨਾਂ/ਕਾਸ਼ਤਕਾਰਾਂ ਨੂੰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਢਾਈ ਏਕੜ ਤੋਂ ਪੰਜ ਏਕੜ ਰਕਬੇ ਵਾਲੇ ਕਿਸਾਨਾਂ/ਕਾਸ਼ਤਕਾਰਾਂ ਨੂੰ ਵਿਚਾਰਿਆ ਜਾਵੇਗਾ। ਸਰਕਾਰ ਵੱਲੋ ਕਣਕ ਦੀਆ ਪੀ.ਬੀ.ਡਬਲਯੂ 725, ਪੀ.ਬੀ.ਡਬਲਯੂ 766, ਪੀ.ਬੀ.ਡਬਲਯੂ 677, ਐਚ.ਡੀ. 3086, ਡਬਲਯ.ਐਚ 1105, ਡੀ.ਬੀ.ਡਬਲਯੂ 187, ਡੀ.ਬੀ.ਡਬਲਯੂ 222, ਉੱਨਤ ਪੀ.ਬੀ.ਡਬਲਯੂ 550, ਉੱਨਤ ਪੀ.ਬੀ.ਡਬਲਯੂ 343, ਪੀ.ਬੀ.ਡਬਲਯੂ 1 ਜਿੰਕ, ਪੀ.ਬੀ.ਡਬਲਯੂ 1 ਚਪਾਤੀ, ਪੀ.ਬੀ.ਡਬਲਯੂ 803, ਪੀ.ਬੀ.ਡਬਲਯੂ 824, ਪੀ.ਬੀ.ਡਬਲਯੂ 826 , ਪੀ.ਬੀ.ਡਬਲਯੂ 869,ਪਿਛੇਤੀ ਬਿਜਾਈ ਲਈ ਪੀ.ਬੀ.ਡਬਲਯੂ 752, ਪੀ.ਬੀ.ਡਬਲਯੂ 757 ਅਤੇ ਬਰਾਨੀ ਹਾਲਾਤਾਂ ਲਈ ਪੀ.ਬੀ.ਡਬਲਯੂ 760  ਕਿਸਮਾਂ ‘ਤੇ ਹੀ ਸਬਸਿਡੀ ਦਿਤੀ ਜਾਵੇਗੀ।