ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦੇ ਸੁਚਾਰੂ ਪ੍ਰਬੰਧਨ ਲਈ ਸਹਿਯੋਗ ਕਰਨ ਕਿਸਾਨ : ਪ੍ਰਦੀਪ ਸਿੰਘ ਬੈਂਸ

  • ਐਸ.ਡੀ.ਐਮ ਦਸੂਹਾ ਤੇ ਟਾਂਡਾ ਨੇ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਅਧਿਕਾਰੀਆਂ, ਕਿਸਾਨ ਯੂਨੀਅਨਾਂ, ਬੇਲਰ ਮਾਲਕਾਂ, ਪਰਾਲੀ ਐਗਰੀਗੇਟਜ਼ ਤੇ ਉਦਯੋਗਪਤੀਆਂ ਨਾਲ ਕੀਤੀ ਮੀਟਿੰਗ

ਟਾਂਡਾ, 23 ਸਤੰਬਰ : ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਦੇ ਨਿਰਦੇਸ਼ਾਂ ’ਤੇ ਐਸ.ਡੀ.ਐਮ ਦਸੂਹਾ ਅਤੇ ਟਾਂਡਾ ਪ੍ਰਦੀਪ ਸਿੰਘ ਬੈਂਸ ਵਲੋਂ ਬਲਾਕ ਦਸੂਹਾ ਤੇ ਟਾਂਡਾ ਦੇ ਪਿੰਡਾਂ ਵਿਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ’ਤੇ ਕਾਬੂ ਪਾਉਣ ਲਈ ਵੱਖ-ਵੱਖ ਵਿਭਾਗਾਂ ਦੇ ਲਗਾਏ ਗਏ ਕਲੱਸਟਰ ਅਤੇ ਨੋਡਲ ਅਫ਼ਸਰਾਂ, ਕਿਸਾਨ ਯੂਨੀਅਨਾਂ ਦੇ ਪ੍ਰਤੀਨਿਧੀਆਂ ਦੇ ਨਾਲ-ਨਾਲ ਬੇਲਰ ਮਾਲਕਾਂ, ਪਰਾਲੀ ਐਗਰੀਗੇਟਰਜ਼ ਅਤੇ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਐਗਰੀਗੇਟਰਜ਼ ਅਮਰਿੰਦਰ ਗਿੱਲ, ਰਾਜੀਵ ਰਾਣਾ, ਹਰਕਿਰਤ ਸਿੰਘ, ਬੇਲਰ ਮਾਲਕ ਕੁਲਵੀਰ ਸਿੰਘ, ਮਲਦੀਪ ਸਿੰਘ, ਸੋਨੂੰ ਤੇ ਉਦਯੋਗਪਤੀ ਠਾਕੁਰ ਦਾਸ ਸਹਿਬਾਜ਼ਪੁਰ ਪੇਪਰ ਮਿੱਲ ਅਤੇ ਅਮਿਤ ਜੈਨ ਈਕੋ ਊਰਜਾ ਵੈਂਚਰਜ਼ ਲਿਮਿਟਡ ਨੇ ਹਿੱਸਾ ਲਿਆ। ਟਾਂਡਾ ਵਿਚ ਜਾਗਰੂਕਤਾ ਕੈਂਪ ਦੌਰਾਨ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦੇ ਹੋਏ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ। ਮੀਟਿੰਗ ਵਿਚ ਐਸ.ਡੀ.ਐਮ ਵਲੋਂ ਉਦਯੋਗਤੀਆਂ ਨਾਲ ਪਰਾਲੀ ਦੀ ਵਰਤੋਂ ਦਾ ਟੀਚਾ ਪੁੱਛਦੇ ਹੋਏ ਵੱਖ-ਵੱਖ ਐਗਰੀਗੇਟਰਜ਼ ਤੇ ਬੇਲਰ ਮਾਲਕਾਂ ਨਾਲ ਉਨ੍ਹਾਂ ਦੇ ਬਲਾਕ ਟਾਂਡਾ ਅਤੇ ਦਸੂਹਾ ਦੇ ਪਿੰਡਾਂ ਵਿਚ ਪਰਾਲੀ ਇਕੱਤਰ ਕਰਨ ਦਾ ਟੀਚਾ ਅਤੇ ਉਸ ਟੀਚੇ ਨੂੰ ਪੂਰਾ ਕਰਨ ਲਈ ਬੇਲਰਾਂ ਦੀ ਗਿਣਤੀ ਬਾਰੇ ਜਾਣਕਾਰੀ ਹਾਸਲ ਕੀਤੀ। ਐਗਰੀਗੇਟਰਜ਼ ਤੇ ਬੇਲਰ ਮਾਲਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਾਕ ਟਾਂਡਾ ਅਤੇ ਦਸੂਹਾ ਵਿਚ ਪਰਾਲੀ ਇਕੱਤਰ ਕਰਨ ਲਈ 45-55 ਛੋਟੇ ਬੇਲਰ (ਪ੍ਰਤੀ ਦਿਨ 20-25 ਏਕੜ ਸਮਰੱਥਾ) ਅਤੇ 2 ਬੇਲਰ (ਪ੍ਰਤੀ ਦਿਨ 80-100 ਏਕੜ ਸਮਰੱਥਾ) ਆ ਰਹੀ ਹੈ ਅਤੇ ਜੇਕਰ ਕਿਸਾਨ ਸਹਿਯੋਗ ਕਰਨ ਅਤੇ ਪਰਾਲੀ ਮਿਲਦੀ ਰਹੇ, ਤਾਂ ਇਨ੍ਹਾਂ ਬੇਲਰਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ। ਐਗਰੀਗੇਟਰਜ਼ ਅਤੇ ਬੇਲਰ ਮਾਲਕਾਂ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਨ੍ਹਾਂ ਨੂੰ ਖੇਤਾਂ ਤੋਂ ਪਰਾਲੀ ਚੁੱਕਣ ਲਈ 7-8 ਦਿਨ ਦਾ ਸਮਾਂ, ਖੇਤ ਤੱਕ ਪਹੁੰਚਾਉਣ ਲਈ 1-2 ਦਿਨ, ਪਰਾਲੀ ’ਤੇ ਕਟਰ ਚਲਾਉਣ ਲਈ 1 ਦਿਨ, ਪਰਾਲੀ ਸੁੱਕਣ ਲਈ 2 ਦਿਨ, ਗੱਠਾਂ ਬਣਾਉਣ ਲਈ 1 ਦਿਨ ’ਤੇ ਪਰਾਲੀ ਦੀਆਂ ਗੱਠਾਂ ਚੁੱਕਣ ਲਈ 2 ਦਿਨ ਚਾਹੀਦੇ ਹਨ। ਇਸ ਲਈ ਕਿਸਾਨ ਉਨ੍ਹਾਂ ਨੂੰ ਐਨੇ ਸਮੇਂ ਲਈ ਸਹਿਯੋਗ ਕਰਨ। ਐਸ.ਡੀ.ਐਮ ਵਲੋਂ ਵੱਖ-ਵੱਖ ਵਿਭਾਗਾਂ ਦੇ ਕਲੱਸਟਰ ਅਤੇ ਨੋਡਲ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਅਧੀਨ ਆਉਂਦੇ ਪਿੰਡਾਂ ਵਿਚ ਪਰਾਲੀ ਨੂੰ ਅੱਗ ਨਾਲ ਲਗਾਉਣ ਅਤੇ ਸੁਚਾਰੂ ਪ੍ਰਬੰਧਨ ਕਰਨ ਲਈ ਖੇਤੀ ਅਤੇ ਕਿਸਾਨ ਭਲਾਈ ਵਿਭਾਗ ਦਾ ਸਹਿਯੋਗ ਕਰਨ ਅਤੇ ਉਨ੍ਹਾਂ ਵਲੋਂ ਕੀਤੀ ਜਾ ਰਹੀ ਜਾਗਰੂਕਤਾ ਗਤੀਵਿਧੀਆਂ ਵਿਚ ਹਿੱਸਾ ਲੈ ਕੇ ਕਿਸਾਨਾਂ ਨੂੰ ਜਾਗਰੂਕ ਕਰਨ। ਖੇਤੀ ਵਿਭਾਗ ਵਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਸੰਦੇਸ਼ ਦੇਣ ਲਈ ਚਲਾਈ ਜਾ ਰਹੀ ਜਾਰਗੂਕਤਾ ਵੈਨ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਐਸ.ਡੀ.ਐਮ ਦਸੂਹਾ ਵਲੋਂ ਕਿਸਾਨ ਯੂਨੀਅਨਾਂ ਰਾਹੀਂ ਕਿਸਾਨਾਂ ਨੂੰ ਹਵਾ ਅਤੇ ਧਰਤੀ ਨੂੰ ਬਚਾਉਣ ਲਈ ਪੁਰਜ਼ੋਰ ਕੋਸ਼ਿਸ਼ ਕਰਦੇ ਹੋਏ ਕਿਸਾਨਾਂ ਵਲੋਂ ਸਬਸਿਡੀ ’ਤੇ ਦਿੱਤੀ ਗਈ ਮਸ਼ੀਨਾਂ ਦਾ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ, ਬੇਲੇਰਾਂ ਦਾ ਕੰਮ ਕਰਨ ਲਈ ਜ਼ਰੂਰੀ ਸਮੇਂ ਦਿੱਤਾ ਜਾਵੇ ਅਤੇ ਜਲਦਬਾਜੀ ਵਿਚ ਅੱਗ ਲਗਾਉਣ ਦਾ ਕਦਮ ਨਾ ਉਠਾਇਆ ਜਾਵੇ। ਇਸ ਦੌਰਾਨ ਖੇਤੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਣਕ ਦੀ ਅਕਤੂਬਰ ਦੇ ਆਖਰੀ ਹਫਤੇ ਵਿਚ ਬਿਜਾਈ ਕਰਨ ਦੀ ਬਜਾਏ ਨਵੰਬਰ ਦੇ ਪਹਿਲੇ ਜਾਂ ਦੂਜੇ ਹਫਤੇ ਵਿਚ ਬਿਜਾਈ ਕਰਨ ਦੀ ਅਪੀਲ ਕੀਤੀ ਗਈ, ਕਿਉਂਕਿ ਪਿਛੇਤੀ ਬਿਜਾਈ ਨਾਲ ਪਰਾਲੀ ਸੰਭਾਲਣ ਲਹੀ 7-10 ਦਿਨ ਦਾ ਸਮਾਂ ਵੀ ਵੱਧ ਜਾਵੇਗਾ ਅਤੇ ਮੌਸਮ ਵੀ ਠੰਡਾ ਹੋਣ ਕਾਰਨ ਗੁਲਾਬੀ ਸੁੰਡੀ ਦਾ ਹਮਲਾ ਵੀ ਬਚ ਜਾਵੇਗਾ। ਇਸ ਨਾਲ ਸਪਰੇਅ ਕਾਰਨ 700-1000 ਰੁਪਏ ਪ੍ਰਤੀ ਏਕੜ ਦਾ ਖ਼ਰਚਾ ਵੀ ਬਚਾਇਆ ਜਾ ਸਕੇਗਾ।