ਫਸਲਾਂ ਦੀ ਰਹਿੰਦ-ਖੂੰਹਦ ਸੰਬੰਧੀ ਲਗਾਇਆ ਕਿਸਾਨ ਸਿਖਲਾਈ ਕੈਂਪ ਡਾ. ਰਾਜ ਕੁਮਾਰ

ਨਵਾਂ ਸ਼ਹਿਰ, 25 ਸਤੰਬਰ : ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਦਫਤਰ ਨਵਾਂਸ਼ਹਿਰ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਕਰਦਿਆ ਖੇਤੀਬਾੜੀ ਅਫਸਰ ਡਾ. ਰਾਜ ਕੁਮਾਰ ਨੇ ਦੱਸਿਆ ਕਿ ਕੰਬਾਇਨ ਨਾਲ ਕੱਟੇ ਝੋਨੇ ਦੇ ਵੱਡ ਵਿੱਚ ਕਣਕ ਦੀ ਸਿੱਧੀ ਬਿਜਾਈ ਕਰਨ ਲਈ ਹੈਪੀ ਸੀਡਰ ਅਤੇ ਸੁਪਰ ਸੀਡਰ ਮਸ਼ੀਨ ਦੀ ਵਰਤੋਂ ਬੜੀ ਲਾਹੇਵੰਦ ਸਾਬਤ ਹੋਈ ਹੈ। ਨੈਸ਼ਨਲ ਗਰੀਨ ਟਰਬਿਊਨਲ ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਤੇ ਪਾਬੰਦੀ ਲਗਾਈ ਗਈ ਹੈ, ਕਿਉਂਕਿ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ,ਮਿੱਟੀ ਵਿਚਲੇ ਬਹੁਤ ਸਾਰੇ ਕੀਮਤੀ ਤੱਤ ਨਸ਼ਟ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਸਾੜਨ ਨਾਲ ਲਾਹੇਵੰਦ ਜੀਵ-ਜੰਤੂਆਂ ਤੇ ਮਾੜਾ ਅਸਰ ਪੈਂਦਾ ਹੈ। ਪਰਾਲੀ ਸੜਨ ਨਾਲ ਉਸ ਵਿਚੋਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜਿਨ੍ਹਾਂ ਦਾ ਮਨੁੱਖੀ ਸਿਹਤ ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਾਤਾਵਰਨ ਵਿੱਚ ਤਾਪਮਾਨ ਦਾ ਵਾਧਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੇ ਇੱਕ ਏਕੜ ਵਿੱਚੋਂ ਲਗਭਗ ਤਿੰਨ ਟਨ ਪਰਾਲੀ ਪੈਦਾ ਹੁੰਦੀ ਹੈ ਅਤੇ ਇਸ ਪਰਾਲੀ ਨੂੰ ਅੱਗ ਲਗਾਉਣ ਨਾਲ ਬਹੁਤ ਹਾਨੀ ਕਰਕੇ ਗੈਸਾ ਪੈਦਾ ਹੁੰਦੀਆ ਹਨ। ਇੰਜੀਨੀਅਰ ਸਹਾਇਕ ਖੇਤੀਬਾੜੀ ਚੰਦਨ ਸ਼ਰਮਾ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਕਰਨ ਲਈ ਵੱਖ-ਵੱਖ ਮਸ਼ੀਨਾ ਜਿਵੇਂ ਕਿ ਸੁਪਰ ਸੀਡਰ, ਹੈਪੀ ਸੀਡਰ, ਜ਼ੀਰੋ ਟਿੱਲ-ਡਰਿੱਲ ਆਦਿ ਦੀ ਵਰਤੋਂ ਕਰਨ ਅਤੇ ਵਿਭਾਗ ਵੱਲੋ ਨਿੱਜੀ ਕਿਸਾਨਾਂ, ਕਿਸਾਨ ਗਰੁੱਪ ਅਤੇ ਸਹਿਕਾਰੀ ਸਭਾਵਾਂ ਨੂੰ ਮਸ਼ੀਨਰੀ ਤੇ ਦਿੱਤੀ ਜਾਣ ਵਾਲੀ ਸਬਸਿਡੀ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ।ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਕਟਾਈ ਸੁਪਰ ਸਟਰਾਅ ਮੈਨਜਮੈਂਟ ਸਿਸਟਮ (ਐਸ.ਐਮ.ਐਸ) ਵਾਲੀ ਕੰਬਾਇਨ ਮਸ਼ੀਨ ਨਾਲ ਹੀ ਕਰਨ ਜੋਰ ਦਿੱਤਾ। ਖੇਤੀਬਾੜੀ ਵਿਕਾਸ ਅਫ਼ਸਰ ਡਾ. ਕੁਲਦੀਪ ਸਿੰਘ ਨੇ ਝੋਨੇ ,ਬਾਸਮਤੀ ਅਤੇ ਗੰਨੇ ਦੀ ਫਸਲ ਨੂੰ ਲੱਗਣ ਵਾਲੀਆ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਬਾਰੇ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਾਸਮਤੀ ਦੀ ਫਸਲ ਤੇ 10 ਕੀਟਨਾਸ਼ਕਾਂ ਤੇ ਪਾਬੰਦੀ ਲਗਾਈ ਗਈ ਹੈ। ਇਸ ਲਈ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਇਨ੍ਹਾਂ ਕੀਟਨਾਸ਼ਕਾਂ ਦੀ ਸਪਰੇ ਕਰਨ ਤੋਂ ਗੁਰੇਜ਼ ਕੀਤਾ ਜਾਵੇ ਤਾਂ ਜੋ ਮਿਆਰੀ ਕਿਸਮ ਦੀ ਬਾਸਮਤੀ ਦੀ ਪੈਦਾਵਾਰ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਖਾਦ, ਬੀਜ ਤੇ ਦਵਾਈਆਂ ਖਰੀਦਣ ਸਮੇਂ ਕਿਸਾਨ ਬਿੱਲ ਜ਼ਰੂਰ ਲੈਣ। ਡੀ.ਪੀ.ਡੀ ਆਤਮਾ ਡਾ. ਪਰਮਵੀਰ ਕੌਰ ਨੇ ਕਿਸਾਨਾਂ ਨੂੰ ਮਿੱਟੀ ਪਰਖ ਦੀ ਮਹੱਤਤਾ ਅਤੇ ਸੈਂਪਲ ਲੈਣ ਦੇ ਤਰੀਕੇ ਬਾਰੇ ਜਾਣਕਾਰੀ ਦਿੰਦਿਆਂ ਮਿੱਟੀ ਪਰਖ ਦੇ ਅਧਾਰ ਤੇ ਹੀ ਖਾਦਾਂ ਪਾਉਣ ਦੀ ਸਲਾਹ ਦਿੱਤੀ। ਡੀ.ਪੀ.ਡੀ ਆਤਮਾ ਨੀਨਾ ਕੰਵਰ ਨੇ ਕਿਸਾਨਾਂ ਨੂੰ ਆਤਮਾ ਸਕੀਮ ਅਤੇ ਸੈਲਪ ਹੈਲਪ ਗਰੁੱਪ ਤਿਆਰ ਕਰਨ  ਬਾਰੇ ਜਾਣਕਾਰੀ ਦਿੱਤੀ। ਇਸ ਕੈਂਪ ਵਿੱਚ ਖੇਤੀਬਾੜੀ ਉਪ-ਨਿਰੀਖਕ, ਸਰਬਜੀਤ ਸਿੰਘ,ਸ਼ਿੰਗਾਰਾ ਰਾਮ , ਕੁਲਜਿੰਦਰ ਕੁਮਾਰ ਏ.ਟੀ.ਐਮ, ਜਸਵਿੰਦਰ ਕੁਮਾਰ ਏ.ਈ.ਐਮ, ਰਾਮ ਲੁਭਾਇਆ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵੱਲੋਂ  ਭਾਗ ਲਿਆ ਗਿਆ।