ਇੰਨਫੋਰਸਮੈਂਟ ਵਿੰਗ ਵੱਲੋਂ ਪਿੰਡਾਂ ਅੰਦਰ ਚੈਕਿੰਗ ਦੌਰਾਨ 22 ਬਿਜਲੀ ਚੋਰ ਕਾਬੂ, 14.02 ਲੱਖ ਰੁਪਏ ਕੀਤਾ ਜੁਰਮਾਨਾ

ਨਵਾਂ ਸ਼ਹਿਰ, 1 ਜੁਲਾਈ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਬਿਜਲੀ ਚੋਰੀ ਵਿਰੁੱਧ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਨੂੰ ਜ਼ਾਰੀ ਰੱਖਦੇ ਹੋਏ ਇਸ ਹਫਤੇ ਦੌਰਾਨ ਇੰਨਫੋਰਸਮੈਂਟ ਵਿੰਗ, ਜਲੰਧਰ ਦੀਆਂ ਟੀਮਾਂ ਵਲੋਂ ਗਰੁਪ ਬਣਾ ਕੇ  ਸ਼ਾਹਕੋਟ (ਨਕੋਦਰ) ਅਤੇ ਮਲਸੀਆਂ ਦੇ ਨੇੜਲੇ ਸਿੰਧੜਾ, ਪਿਪਲੀ ਅਤੇ ਰਾਜੋਵਾਲ ਆਦਿ ਪਿੰਡਾਂ ਵਿਚ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਕੁੱਲ 21 ਨੰਬਰ ਬਿਜਲੀ ਚੋਰ ਕਾਬੂ ਕੀਤੇ ਗਏ। ਇਹਨਾਂ ਵਿੱਚ ਪਿੰਡ ਪਿਪਲੀ ਅੰਦਰ ਚੱਲ ਰਹੀ ਇੱਕ ਆਟਾ ਚੱਕੀ (ਐਸ.ਪੀ ਕੈਟਾਗਰੀ) ਨੂੰ ਇੰਨਕਮਿੰਗ ਕੇਬਲ ਵਿੱਚ ਕੁੰਡੀ ਲਗਾ ਕੇ ਸਿੱਧੀ ਬਿਜਲੀ ਚੋਰੀ ਕਰਦੇ ਫੜਿਆ ਗਿਆ ਜਦ ਕਿ ਇਸ ਚੱਕੀ ਨੂੰ ਬਿਜਲੀ ਕੂਨੈਕਸ਼ਨ ਮਿਲਿਆ ਹੋਇਆ ਸੀ। ਇਸ ਚੱਕੀ ਨੂੰ ਜ਼ੁਰਮਾਨੇ ਵਜ਼ੋ 3.95 ਲੱਖ ਰੁਪਏ ਅਤੇ 1.20 ਲੱਖ ਰੁਪਏ ਕੰਪਾਊਡਿੰਗ ਫੀਸ ਵਜ਼ੋਂ ਚਾਰਜ਼ ਕੀਤੇ ਗਏ। ਇਸ ਤੋਂ ਇਲਾਵਾ ਬਾਕੀ ਸਭ ਬਿਜਲੀ ਚੋਰੀ ਵਾਲੇ ਘਰੇਲੂ ਖਪਤਕਾਰ ਅਤੇ ਪਿੰਡਾਂ ਦੇ ਦੁਕਾਨਦਾਰ ਸਨ ਜੋ ਘਰ ਦੇ ਨੇੜਿਉਂ ਲੰਘਦੀਆਂ ਐਲ.ਟੀ ਲਾਈਨਾਂ ਜਾਂ ਬਿਜਲੀ ਸਪਲਾਈ ਲਈ ਆ ਰਹੀ ਕੇਬਲ ਨੂੰ ਸਿੱਧੀ ਕੁੰਡੀ ਪਾ ਕੇ ਬਿਜਲੀ ਚੋਰੀ ਕਰਦੇ ਫੜੇ੍ਹ ਗਏ।ਇਸ ਤੋਂ ਇਲਾਵਾ ਨਵਾਂ ਸ਼ਹਿਰ ਦੇ ਨੇੜੇ ਪੈਂਦੇ ਪਿੰਡ ਰੱਕਾਸਣ ਵਿਖੇ ਇੱਕ ਨਜ਼ਾਇਜ਼ ਟਿਊਬਵੈਲ ਕੂਨੈਕਸ਼ਨ ਚਲਦਾ ਫੜਿਆ ਗਿਆ। ਇਸ ਖਪਤਕਾਰ ਦਾ ਇੱਕ ਟਿਊਬਵੈਲ ਕੂਨੈਕਸ਼ਨ ਹੀ ਮੰਨਜ਼ੂਰ ਸੀ ਜਦ ਕਿ ਇਸ ਵਲੋਂ ਖੇਤ ਵਿੱਚ ਇੱਕ ਹੋਰ ਨਜ਼ਾਇਜ਼ ਬੋਰ ਕਰਕੇ ਇੱਕ 7.5 ਕਿਲੋਵਾਟ ਦੀ ਮੋਟਰ ਸਪਲਾਈ ਤੋਂ ਸਿੱਧੀ ਕੇਬਲ ਜੋੜ ਕੇ ਚਲਾਉਂਦਾ ਫੜਿਆ ਗਿਆ ਜਿਸ ਕਾਰਣ ਇਸਨੂੰ 1.02 ਲੱਖ ਰੁਪਏ ਜ਼ੁਰਮਾਨਾ ਪਾਇਆ ਗਿਆ। ਬਿਜਲੀ ਚੋਰੀ ਵਾਸਤੇ ਵਰਤੀਆਂ ਜਾ ਰਹੀਆਂ ਸਭ ਕੇਬਲਾਂ ਨੂੰ ਜ਼ਬਤ ਕੀਤਾ ਗਿਆ ਅਤੇ ਇਸ ਛਾਪੇਮਾਰੀ ਦੌਰਾਨ ਫੜੇ੍‌ ਗਏ 22 ਨੰਬਰ ਬਿਜਲੀ ਚੋਰੀ ਕੇਸਾਂ ਨੂੰ ਜੁਰਮਾਨੇ ਵਜੋਂ 14.02 ਲੱਖ ਰੁਪਏ ਚਾਰਜ ਕੀਤੇ ਗਏ। ਮੌਕੇ ਉਪਰ ਹਾਜ਼ਰ ਇੰਨਫੋਰਸਮੈਂਟ ਵਿੰਗ ਦੀਆਂ ਟੀਮਾਂ ਅਤੇ ਵੰਡ ਦਫਤਰ ਮੁਲਾਜ਼ਮਾਂ ਵਲੋਂ ਖਪਤਕਾਰਾਂ ਨੂੰ ਬਿਜਲੀ ਚੋਰੀ ਦੀ ਲਾਹਨਤ ਨੂੰ ਛੱਡਣ ਦੀ ਅਪੀਲ ਕੀਤੀ ਗਈ। ਇਸੇ ਤਰਾਂ ਦੀ ਛਾਪੇਮਾਰੀ ਅਗਾਂਹ ਵੀ ਜਾਰੀ ਰਹੇਗੀ। ਪੀ.ਐੱਸ.ਪੀ.ਸੀ.ਐੱਲ. ਨੇ ਆਪਣੇ ਸਾਰੇ ਵਡਮੁੱਲੇ ਖਪਤਕਾਰਾਂ/ਨਾਗਰਿਕਾਂ ਨੂੰ  ਅਪੀਲ ਕੀਤੀ ਕਿ ਉਹ ਬਿਜਲੀ ਚੋਰੀ  ਨੂੰ ਕੰਟਰੋਲ ਕਰਨ ਲਈ ਪੀ.ਐੱਸ.ਪੀ.ਸੀ.ਐੱਲ. ਦੇ ਵਟਸਐਪ ਨੰਬਰ 96461-75770 'ਤੇ ਬਿਜਲੀ ਚੋਰੀ ਬਾਰੇ ਸਹੀ ਜਾਣਕਾਰੀ ਦੇ ਕੇ ਬਿਜਲੀ ਚੋਰੀ ਨੂੰ ਰੋਕਣ  ਲਈ ਸ਼ੁਰੂ ਕੀਤੀ  ਮੁਹਿੰਮ ਵਿਚ ਯੋਗਦਾਨ ਪਾ ਸਕਦੇ ਹਨ।ਪੀਐਸਪੀਸੀਐਲ ਨੇ ਆਪਣੇ ਖਪਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਜਾਵੇਗਾ।