ਦਿਵਿਆਂਗ ਵਿਅਕਤੀਆਂ ਨੂੰ ਸਿੱਧੀ ਭਰਤੀ ਸਮੇਂ ਪੇਪਰ ਦੇਣ ਲਈ ਸਿੱਖਿਆ ਵਿਭਾਗ ਵਲੋਂ ਸਕਰਾਈਵਰ ਅਤੇ ਰੀਡਰ ਦੀ ਸਹੂਲਤ ਕਰਵਾਈ ਜਾਵੇਗੀ  ਮੁਹੱਈਆ

ਨਵਾਂਸ਼ਹਿਰ, 5 ਜੁਲਾਈ : ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜ਼ੋਬਨਦੀਪ ਕੌਰ ਨੇ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਨੂੰ ਸਿੱਖਿਆ ਵਿਭਾਗ ਵਲੋਂ ਜਦੋਂ ਸਿੱਧੀ ਭਰਤੀ ਲਈ ਇਸ਼ਤਿਹਾਰ ਦਿੱਤਾ ਜਾਂਦਾ ਹੈ, ਤਾਂ ਇਹ ਦੇਖਣ ਵਿੱਚ ਆਇਆ ਹੈ ਕਿ ਦਿਵਿਆਂਗ ਵਿਅਕਤੀ ਜੋ ਕਿ 40 ਫੀਸਦੀ ਜਾਂ ਇਸ ਤੋਂ ਵੱਧ ਨੂੰ ਸਿੱਧੀ ਭਰਤੀ ਦੀਆਂ ਅਸਾਮੀਆਂ ਲਈ ਅਪਲਾਈ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਵਿਭਾਗੀ ਅਸਾਮੀ ਲਈ ਨਿਰਧਾਰਿਤ ਪ੍ਰੀਖਿਆ ਦੇਣ ਵਿੱਚ ਸਕਰਾਈਵਰ ਅਤੇ ਰੀਡਰ ਦੀ ਲੋੜ ਪੈਂਦੀ ਹੈ, ਪ੍ਰੰਤੂ ਸਮੇਂ ਸਿਰ ਸਕਰਾਈਵਰ ਤੇ ਰੀਡਰ ਦੀ ਸਹੂਲਤ ਨਾ ਮਿਲਣ ਕਾਰਨ ਉਨ੍ਹਾਂ ਨੂੰ ਸਿੱਧੀ ਭਰਤੀ ਦੀ ਪ੍ਰੀਖਿਆ ਦੇਣ ਵਿੱਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ੋਬਨਦੀਪ ਕੌਰ ਨੇ ਇਸ ਸਬੰਧੀ ਜ਼ਿਲ੍ਹੇ ਦੇ ਸਵੈ-ਇਛੁੱਕ ਸਕਰਾਈਵਰ ਤੇ ਰੀਡਰ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜਿਹੜੇ ਵੀ ਵਿਅਕਤੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਚਾਹਵਾਨ ਹੋਣ,ਇਸ ਸਬੰਧੀ ਆਪਣੇ ਨਿੱਜੀ ਵੇਰਵਿਆਂ ਅਤੇ ਵਿਦਿਅਕ ਯੋਗਤਾ ਦੇ ਦਸਤਾਵੇਜਾਂ ਸਮੇਤ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਗਰਾਊਂਡ ਫਲੋਰ ਕਮਰਾ ਨੰਬਰ 104 ਵਿੱਚ ਆ ਕੇ ਆਪਣੇ ਦਸਤਾਵੇਜ ਜਮ੍ਹਾਂ ਕਰਵਾ ਸਕਦੇ ਹਨ, ਤਾਂ ਜੋ ਇਨ੍ਹਾਂ ਦਿਵਿਆਂਗ ਵਿਅਕਤੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਜਦੋਂ ਵੀ ਕਿਤੇ ਭਰਤੀ ਲਈ ਪੇਪਰ ਦੇਣ ਹਿੱਤ ਸਕਰਾਈਵਰ ਅਤੇ ਰੀਡਰ ਦੀ ਲੋੜ ਹੋਵੇ ਤਾਂ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾ ਸਕਣ।