ਪਿਛਲੇ 2 ਦਿਨਾਂ ਦੌਰਾਨ ਪਾਣੀ ਦੇ ਪੱਧਰ ’ਚ ਲਗਭਗ 12 ਹਜ਼ਾਰ ਕਿਊਸਕ ਦੀ ਕਮੀ ਦਰਜ : ਡਿਪਟੀ ਕਮਿਸਨਰ 

  • ਡਿਪਟੀ ਕਮਿਸਨਰ ਵਲੋਂ ਭੁਲੱਥ ਤੇ ਢਿਲਵਾਂ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ
  • ਧੁੱਸੀ ਬੰਨ੍ਹ/ਐਡਵਾਂਸ ਧੁੱਸੀ ਬੰਨ੍ਹ ਪੂਰੀ ਤਰ੍ਹਾਂ ਸੁਰੱਖਿਅਤ
  • ਲੋਕਾਂ ਨੂੰ ਅਫ਼ਵਾਹਾਂ ਤੇ ਯਕੀਨ ਨਾ ਕਰਨ ਲਈ ਕਿਹਾ

ਢਿਲਵਾਂ, 26 ਜੁਲਾਈ : ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਵਲੋਂ ਅੱਜ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਆਏ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਭੁਲੱਥ ਅਤੇ ਢਿਲਵਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ ਸੰਜੀਵ ਸ਼ਰਮਾ ਵੀ ਮੌਜੂਦ ਸਨ। ਉਨਾਂ ਕਿਹਾ ਕਿ ਢਿਲਵਾਂ ਵਿਖੇ ਰੇਲਵੇ ਪੁਲ ਦੀ ਗੇਜ ਉੱਪਰ ਰਿਕਾਰਡ ਅਨੁਸਾਰ ਪਿਛਲੇ 2 ਦਿਨਾਂ ਦੌਰਾਨ ਪਾਣੀ ਦੇ ਪੱਧਰ ਵਿੱਚ ਲਗਭਗ 12 ਹਜ਼ਾਰ ਕਿਊਸਕ ਦੀ ਕਮੀ ਆਈ ਹੈ। ਉਨਾਂ ਕਿਹਾ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਬਿਆਸ ਦਰਿਆ ਕੰਢੇ ਧੁੱਸੀ ਬੰਨ੍ਹ ਤੇ ਐਡਵਾਂਸ ਧੁੱਸੀ ਬੰਨ੍ਹ ਪੂਰੀ ਤਰ੍ਹਾਂ ਸੁਰੱਖਿਅਤ ਹਨ । ਉਨ੍ਹਾਂ ਕਿਹਾ ਕਿ ਡਰੇਨੇਜ਼ ਵਿਭਾਗ ਵਲੋਂ ਉਨ੍ਹਾਂ ਉੱਪਰ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ ਅਤੇ ਵੱਡੀ ਗਿਣਤੀ ਵਿਚ ਮਿੱਟੀ ਦੇ ਬੋਰੇ ਭਰ ਕੇ ਬੰਨ੍ਹ ਉੱਪਰ ਰਾਖਵੇਂ ਰੱਖੇ ਗਏ ਹਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਦੇ ਟਾਕਰੇ ਲਈ ਉਨ੍ਹਾਂ ਦੀ ਤੁਰੰਤ ਵਰਤੋਂ ਕੀਤੀ ਜਾ ਸਕੇ। ਉਨਾਂ ਕਿਹਾ ਕਿ ਲੋਕ ਅਫ਼ਵਾਹਾਂ ਤੇ ਯਕੀਨ ਨਾ ਕਰਨ ਸਗੋਂ ਕੇਵਲ ਅਧਿਕਾਰਤ ਸੰਚਾਰ ਸਾਧਨਾਂ ਰਾਹੀਂ ਆ ਰਹੀ ਜਾਣਕਾਰੀ ਉਪਰ ਹੀ ਭਰੋਸਾ ਕੀਤਾ ਜਾਵੇ। ਡਿਪਟੀ ਕਮਿਸ਼ਨਰ ਵਲੋਂ ਲੋਕਾਂ ਨਾਲ ਵੀ ਗੱਲਬਾਤ ਕੀਤੀ ਗਈ ਤੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਇਸ ਕੁਦਰਤੀ ਆਫ਼ਤ ਵਿੱਚ ਉਨਾਂ ਦੀ ਹਰ ਸੰਭਵ ਸਹਾਇਤਾ ਲਈ ਵਚਨਬੱਧ ਹੈ।