ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਬਣਾਇਆ ਆਤਮ ਨਿਰਭਰ

  • ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ’ਚ ਸਕਿੱਲਡ ਕੋਰਸ ਕਰਵਾਉਣ ਵਾਲਾ ਪਹਿਲਾ ਬੈਚ ਹੋਇਆ ਪਾਸ ਆਊਟ
  • ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਕੋਰਸ ਕਰਨ ਵਾਲੇ 25 ਨੌਜਵਾਨਾਂ ਨੂੰ ਦਿੱਤੇ ਸਰਟੀਫਿਕੇਟ

ਹੁਸ਼ਿਆਰਪੁਰ, 23 ਜਨਵਰੀ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਅੱਜ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵਿਚ ਨਸ਼ਾ ਛੱਡ ਕੇ ਸਕਿੱਲਡ ਕੋਰਸ ਕਰਨ ਵਾਲੇ 25 ਨੌਜਵਾਨਾਂ ਨੂੰ ਕੋਰਸ ਪੂਰਾ ਹੋਣ ਉਪਰੰਤ ਸਰਟੀਫਿਕੇਟ ਵੰਡੇ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਪਿਛਲੇ ਸਾਲ ਵਿਸ਼ੇਸ਼ ਪਹਿਲ ਕਰਦੇ ਹੋਏ ਇਥੇ ਦੋ ਸਕਿੱਲਡ ਕੋਰਸ ਮਲਟੀ ਕੂਨੀਜ਼ ਕੁੱਕ ਅਤੇ ਹੇਅਰ ਡਰੈਸਰ ਤੇ ਸੈਲੂਨ ਆਰਟਿਸਟ ਦੀ ਸ਼ੁਰੂਆਤ ਕੀਤੀ ਸੀ, ਜਿਸ ਦੇ ਪਹਿਲੇ ਬੈਚ ਨੂੰ ਅੱਜ ਕੋਰਸ ਮੁਕੰਮਲ ਹੋਣ ’ਤੇ ਸਰਟੀਫਿਕੇਟ ਦਿੱਤੇ ਗਏ। ਰੈੱਡ ਕਰਾਸ ਸੁਸਾਇਟੀ ਦੇ ਯਤਨਾਂ ਸਦਕਾ ਇਹ ਨੌਜਵਾਨ ਹੁਣ ਆਤਮ ਨਿਰਭਰ ਬਣ ਗਏ ਹਨ। ਡਿਪਟੀ ਕਮਿਸ਼ਨਰ ਨੇ ਸਰਟੀਫਿਕੇਟ ਵੰਡ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਨਸ਼ਾ ਛੱਡਣ ਵਾਲੇ ਨੌਜਵਾਨਾਂ ਲਈ ਜੋ ਸਕਿੱਲਡ ਕੋਰਸ ਸ਼ੁਰੂ ਕੀਤੇ ਗਏ ਹਨ, ਉਨ੍ਹਾਂ ਦਾ ਉਦੇਸ਼ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨਾ ਹੈ। ਉਨ੍ਹਾਂ ਕਿਹਾ ਕਿ 45 ਦਿਨਾਂ ਵਾਲੇ ਇਸ ਕੋਰਸ ਉਪਰੰਤ ਇਹ ਨੌਜਵਾਨ ਹੁਨਰਮੰਦ ਹੋ ਗਏ ਅਤੇ ਕੇਂਦਰ ਤੋਂ ਬਾਹਰ ਜਾਣ ਤੋਂ ਬਾਅਦ ਆਪਣਾ ਕੰਮ-ਧੰਦਾ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਉਨ੍ਹਾਂ ਨੂੰ ਕਿਸੇ ਸਹਾਇਤਾ ਦੀ ਲੋੜ ਹੋਵੇਗੀ ਤਾਂ ਰੋਜ਼ਗਾਰ  ਵਿਭਾਗ ਵਲੋਂ ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਕੋਰਸ ਕਰਨ ਉਪਰੰਤ ਇਹ ਨੌਜਵਾਨ ਸਮਾਜ ਵਿਚ ਇਕ ਨਵੀਂ ਪਹਿਚਾਣ ਦੇ ਨਾਲ-ਨਾਲ ਆਪਣੇ ਆਪ ਨੂੰ ਸਥਾਪਿਤ ਕਰਨਗੇ। ਉਨ੍ਹਾਂ ਦੱਸਿਆ ਕਿ ਪਹਿਲੇ ਬੈਚ ਵਿਚ 15 ਲੋਕਾਂ ਨੇ ਮਲਟੀ ਕੂਨੀਜ਼ ਕੁੱਕ ਅਤੇ 10 ਲੋਕਾਂ ਨੇ ਹੇਅਰ ਡਰੈਸਰ ਅਤੇ ਸੈਲੂਨ ਆਰਟਿਸਟ ਦਾ ਸਕਿੱਲਡ ਕੋਰਸ ਮੁਕੰਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਜਾਲ ਵਿਚ ਫਸੇ ਲੋਕ ਹੁਸ਼ਿਆਰਪੁਰ ਦੇ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਦਾ ਲਾਭ ਲੈ ਕੇ ਆਪਣੇ ਜੀਵਨ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ। ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਨਸ਼ੇ ਦੇ ਜਾਲ ਵਿਚ ਫਸੇ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਕੇ ਉਨ੍ਹਾਂ ਦੇ ਮੁੜ ਵਸੇਬੇ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਹ ਬਹੁਤ ਹੀ ਬੇਹਤਰੀਨ ਪਹਿਲ ਕੀਤੀ ਗਈ ਹੈ। ਨਸ਼ਾ ਮੁਕਤੀ ਕੇਂਦਰ ਵਿਚ ਰਹਿ ਕੇ ਜਿਥੇ ਨੌਜਵਾਨਾਂ ਨੇ ਨਸ਼ਾ ਛੱਡਿਆ ਹੈ, ਉਥੇ ਸਕਿੱਲਡ ਕੋਰਸ ਕਰਕੇ ਮਾਨਸਿਕ ਤੌਰ ’ਤੇ ਮਜ਼ਬੂਤ ਹੋਣ ਦਾ ਸਬੂਤ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ ਜੰਗ ਵਿੱਚ ਇਹ ਇਕ ਵੱਡੀ ਜਿੱਤ ਹੈ ਅਤੇ ਸਾਡੇ ਨੌਜਵਾਨ ਨਸ਼ਾ ਤਿਆਗ ਕੇ ਹੁਣ ਆਪਣੇ ਪੈਰਾਂ ’ਤੇ ਖੜ੍ਹੇ ਹੋਏ ਹਨ। ਉਨ੍ਹਾਂ ਇਸ ਦੌਰਾਨ ਕੇਂਦਰ ਵਿਚ ਦਾਖਲ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਸਕੱਤਰ ਰੈਡ ਕਰਾਸ ਸੁਸਾਇਟੀ ਮੰਗੇਸ਼ ਸੂਦ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੌਰ, ਮੈਡੀਕਲ ਅਫ਼ਸਰ ਸਾਹਿਲ ਦੀਪ ਸੱਲਣ, ਕੈਰੀਅਰ ਕਾਊਂਸਲਰ ਅਦਿੱਤਿਆ ਰਾਣਾ, ਮੈਨੇਜਰ ਨਿਸ਼ਾ ਕੁਮਾਰੀ, ਕਾਊਂਸਲਰ ਰਾਜਵਿੰਦਰ ਕੌਰ, ਪ੍ਰਸ਼ਾਂਤ ਕੁਮਾਰ, ਰੈੱਡ ਕਰਾਸ ਸੁਸਾਇਟੀ ਦੇ ਮੈਂਬਰ ਰਾਜੀਵ ਬਜਾਜ, ਰਮੇਸ਼ ਕੁਮਾਰੀ, ਸਰਬਜੀਤ ਸਿੰਘ ਤੋਂ ਇਲਾਵਾ ਮਾਨਵ ਕੁਮਾਰ, ਦੀਪਿਕਾ, ਅਭਿਸ਼ੇਕ ਪਾਠਕ, ਸੁਨੀਲ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।