ਵਧੀਕ ਡਿਪਟੀ ਕਮਿਸ਼ਨਰ ਵੱਲੋਂ ਆਨ-ਲਾਈਨ ਕੋਚਿੰਗ ਲੈਣ ਵਾਲੇ ਪ੍ਰਾਰਥੀਆਂ ਨੂੰ ਸਰਕਾਰ ਵੱਲੋਂ ਕਿਤਾਬਾਂ ਦੀ ਵੰਡ

ਨਵਾਂਸ਼ਹਿਰ, 25 ਅਪ੍ਰੈਲ : ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ- ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਰਾਜੀਵ ਵਰਮਾ ਨੇ ਅੱਜ ਇੱਥੇ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵਲੋਂ ਸਿਖਲਾਈ ਹਿੱਸੇਦਾਰ ‘ਐਜੂਸਫ਼ੀਅਰ’ ਰਾਹੀਂ ਰਾਜ ਅਤੇ ਕੇਂਦਰ ਸਰਕਾਰ ਦੀਆਂ ਗਰੁੱਪ ‘ਸੀ’ ਦੀਆਂ ਅਸਾਮੀਆਂ ਦੀ ਭਰਤੀ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਆਨ-ਲਾਈਨ ਕੋਚਿੰਗ ਹਾਸਲ ਕਰਨ ਵਾਲੇ ਪ੍ਰਾਰਥੀਆਂ ਨੂੰ ਜਨਰਲ ਸਟੱਡੀਜ਼ ਦੀਆਂ ਕਿਤਾਬਾਂ ਦੀ ਵੰਡ ਕੀਤੀ। ਉਨ੍ਹਾਂ ਨੇ ਉਮੀਦਵਾਰਾਂ ਨੂੰ ਨਿਕਟ ਭਵਿੱਖ ਵਿੱਚ ਆਉਣ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਖਿਆ ਕਿ ਇੱਕ ਪ੍ਰੀਖਿਆ ’ਚੋਂ ਅਸਫ਼ਲ ਹੋਣ ਨੂੰ ਜ਼ਿੰਦਗੀ ਦੀ ਹੋਣੀ ਨਾ ਮੰਨਿਆ ਜਾਵੇ ਸਗੋਂ ਚਣੌਤੀ ਵਜੋਂ ਲੈਂਦਿਆਂ ਅਗਲੀ ਮੰਜ਼ਿਲ ਦੀ ਤਿਆਰੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਬਿਊਰੋ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਆਧੁਨਿਕ ਲਾਇਬਰੇਰੀ ਸਥਾਪਿਤ ਕੀਤੀ ਗਈ ਹੈ ਜਿਸ ਵਿੱਚ 200 ਤੋਂ ਵੱਧ ਕਿਤਾਬਾਂ ਹਨ ਅਤੇ ਇੰਟਰਨੈਟ ਦੀ ਸਹੂਲਤ ਹੈ। ਉਮੀਦਵਾਰ ਲਾਇਬਰੇਰੀ ਵਿੱਚ ਬੈਠ ਕੇ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਇਸ ਮੌਕੇ ਸੰਜੀਵ ਕੁਮਾਰ, ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਅਤੇ ਹਰਮਨਦੀਪ ਸਿੰਘ, ਕਰੀਅਰ ਕਾਊਂਸਲਰ ਵੀ ਮੌਜੂਦ ਸਨ।