ਡੀਆਈਜੀ ਨੇ ਥਾਣਾ ਟਾਂਡਾ ਦਾ ਅਚਾਨਕ ਕੀਤਾ ਨਿਰੀਖਣ, ਡੀਐਸਪੀ ਅਤੇ ਐਸਐਚਓ ਆਪਣੇ ਕੁਆਟਰਾਂ ਵਿੱਚ ‘ਚ ਸੁੱਤੇ ਮਿਲੇ

ਹੁਸ਼ਿਆਰਪੁਰ, 18 ਜੂਨ 2024 : ਜਲੰਧਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਅੱਜ ਅਚਾਨਕ ਸਵੇਰੇ 7:30 ਵਜੇ ਥਾਣਾ ਟਾਂਡਾ ਦਾ ਨਿਰੀਖਣ ਕੀਤਾ ਤਾਂ ਥਾਣੇ ਵਿੱਚ ਹਾਜ਼ਰ ਹੋਣ ਦੀ ਬਜਾਏ ਡੀਐਸਪੀ ਅਤੇ ਐਸਐਚਓ ਆਪਣੇ ਕੁਆਟਰਾਂ ਵਿੱਚ ਸੁੱਤੇ ਪਏ ਸਨ। ਇਸ ਤੋਂ ਇਲਾਵਾ ਥਾਣੇ ਵਿੱਚ ਸਿਰਫ ਇੱਕ ਸਹਾਇਕ ਮੁਨਸ਼ੀ ਹੀ ਹਾਜ਼ਰ ਸੀ ਉਸ ਕੋਲ ਵੀ ਕੋਈ ਹਥਿਆਰ ਨਹੀਂ ਸੀ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਐਸਐਚਓ ਟਾਂਡਾ ਅਤੇ ਸਬ ਇੰਸਪੈਕਟਰ ਰਮਨ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਹੈ। ਉਨ੍ਹਾਂ ਤੋਂ ਇਲਾਵਾ ਡੀਐਸਪੀ ਖਿਲਾਫ ਵੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਐਸਐਸਪੀ ਹੁਸ਼ਿਆਰਪੁਰ ਤੋਂ ਵੀ ਸਪੱਸ਼ਟੀਕਰਨ ਮੰਗਿਆ ਗਿਆ ਹੈ। ਬਾਕੀ ਪੁਲਿਸ ਫੋਰਸ ਥਾਣੇ ਵਿਚ ਸਵੇਰੇ 09:00-09:15 ਵਜੇ ਦੇ ਦਰਮਿਆਨ ਪਹੁੰਚੀ, ਜੋ ਕਿ ਡੀ.ਆਈ.ਜੀ. ਦੇ ਦੌਰੇ ਤੋਂ 1 ਘੰਟਾ 45 ਮਿੰਟ ਬਾਅਦ ਸੀ, ਜਿਸ ਨਾਲ ਥਾਣੇ ਵਿੱਚ ਸੁਰੱਖਿਆ ਦੀ ਕਮੀ ਅਤੇ ਸੰਭਾਵਿਤ ਖਤਰੇ ਦਾ ਪਤਾ ਲੱਗਦਾ ਹੈ। ਇਸ ਮਾਮਲੇ ਸਬੰਧੀ ਵਾਇਰਲ ਹੋਈ ਵੀਡੀਓ ਵਿੱਚ ਸਾਫ ਦਿਖ ਰਿਹਾ ਹੈ ਕਿ ਥਾਣਾ ਟਾਂਡਾ ਪੁੱਜੇ ਜਲੰਧਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਸਭ ਤੋਂ ਪਹਿਲਾਂ ਮੁਨਸ਼ੀ ਦੇ ਕਮਰੇ ਵਿੱਚ ਪਹੁੰਚ ਕੇ ਵਾਇਰਲੈੱਸ ਸੈੱਟ ’ਤੇ ਕੰਟਰੋਲ ਰੂਮ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਡੀਆਈਜੀ ਗਿੱਲ ਨੇ ਕੰਟਰੋਲ ਰੂਮ ਵਿੱਚ ਤਿੰਨਾਂ ਜ਼ਿਲ੍ਹਿਆਂ (ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ) ਦੇ ਐਸਐਸਪੀ ਨੂੰ ਨੋਟ ਕਰਨ ਲਈ ਕਿਹਾ ਕਿ ਮੈਂ ਅੱਜ ਟਾਂਡਾ ਥਾਣੇ ਵਿੱਚ ਚੈਕਿੰਗ ਲਈ ਪਹੁੰਚ ਗਿਆ ਹਾਂ। ਥਾਣੇ ਵਿੱਚ ਇੱਕ ਮਹਿਲਾ ਹਾਵਲਾਤੀ ਸੀ, ਪਰ ਥਾਣੇ ਵਿੱਚ ਕੋਈ ਵੀ ਮਹਿਲਾ ਮੁਲਾਜ਼ਮ ਨਹੀਂ ਸੀ।  ਗਿੱਲ ਨੇ ਕਿਹਾ- ਮੇਰੀ ਰੇਂਜ ਦੇ ਹਰ ਥਾਣੇ ਵਿੱਚ ਅਜਿਹੀ ਚੈਕਿੰਗ ਜਾਰੀ ਰਹੇਗੀ ਅਤੇ ਜਿੱਥੇ ਵੀ ਕੋਈ ਕਮੀ ਪਾਈ ਜਾਵੇਗੀ ਉਸ ‘ਤੇ ਕਾਰਵਾਈ ਕੀਤੀ ਜਾਵੇਗੀ। ਰੇਂਜ ਦਫ਼ਤਰ (ਡੀ.ਜੀ.ਪੀ. ਦਫ਼ਤਰ) ਵੱਲੋਂ ਆਉਣ ਵਾਲੇ ਏਜੰਡੇ ਦੀ ਪਾਲਣਾ ਨਾ ਕਰਨ ਵਾਲੇ ਕਿਸੇ ਵੀ ਅਧਿਕਾਰੀ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ।