ਡਿਪਟੀ ਕਮਿਸ਼ਨਰ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ 

  • ਲੋਕਾਂ ਨੂੰ ਪ੍ਰਸ਼ਾਸ਼ਨ ਵਲੋਂ ਬਣਾਏ ਗਏ ਰਾਹਤ ਕੇਂਦਰ ’ਚ ਪਹੁੰਚਣ ਦੀ ਅਪੀਲ
  • ਫਸੇ ਲੋਕਾਂ ਨੂੰ ਕੱਢਣ ਲਈ ਫੌਜ ਤੇ ਐਨ ਡੀ ਆਰ ਐਫ ਦੀ ਲਈ ਜਾਵੇਗੀ ਮਦਦ

ਸੁਲਤਾਨਪੁਰ ਲੋਧੀ,11 ਜੁਲਾਈ : ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਵਲੋਂ ਅੱਜ ਤੜਕਸਾਰ ਸੁਲਤਾਨਪੁਰ ਲੋਧੀ ਦੇ 14 ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ,ਇਸ ਮੌਕੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਸੱਜਣ ਸਿੰਘ ਚੀਮਾ ਵੀ ਸਨ। ਡਿਪਟੀ ਕਮਿਸ਼ਨਰ ਵਲੋਂ ਦਾਰੇਵਾਲ,ਗਿੱਦੜ ਪਿੰਡੀ,ਬਾਘੂਵਾਲ ਤੇ ਹੋਰ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਲੋਕਾਂ ਨਾਲ ਗੱਲਬਾਤ ਕਰ ਉਨ੍ਹਾਂ ਨੂੰ ਯਕੀਨ ਦਵਾਇਆ ਗਿਆ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਹਰ ਸੰਭਵ  ਸਹਾਇਤਾ ਪੁੱਜਦੀ ਕੀਤੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਲੋਕ ਘੱਟ ਪਾਣੀ ਵਿਚ ਫਸੇ ਹੋਏ ਹਨ,ਉਹ ਆਪਣੇ ਪੱਧਰ ’ਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚੋਂ ਨਿਕਲ ਕੇ ਰਾਹਤ ਕੇਂਦਰਾਂ ਵਿਚ ਤੁਰੰਤ ਪ੍ਰਭਾਵ ਨਾਲ ਪਹੁੰਚਣਾ ਯਕੀਨੀ ਬਣਾਉਣ ਅਤੇ ਨਾਲ ਹੀ ਜਿੱਥੇ ਜ਼ਿਆਦਾ ਪਾਣੀ ਹੋਣ ਦਾ ਖਦਸ਼ਾ ਹੈ ਉਸਦੇ ਲਈ ਐਨ.ਡੀ.ਆਰ.ਐਫ ਅਤੇ ਫੌਜ ਦੀਆਂ ਟੀਮਾਂ ਦੀ ਸਹਾਇਤਾ ਦੇ ਨਾਲ ਲੋਕਾਂ ਨੂੰ ਰਾਹਤ ਕੇਂਦਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਬਣਾਏ ਗਏ 8 ਰਾਹਤ ਕੇਂਦਰਾਂ ’ਚ ਪੀਣ ਵਾਲਾ ਪਾਣੀ, ਸੁੱਕਾ ਰਾਸ਼ਨ ਅਤੇ ਹੋਰ ਲੋੜੀਂਦੇ ਸਾਮਾਨ ਦੇ ਪ੍ਰਬੰਧ ਮੁਕੰਮਲ ਹਨ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਿਕਲ ਦਰਪੇਸ਼ ਨਾ ਆਵੇ। ਉਨ੍ਹਾਂ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਪਸ਼ੂਆਂ ਦੇ ਲਈ  ਦੇ ਸੁੱਕੇ ਚਾਰੇ/ਤੂੜੀ ਆਦਿ ਦਾ ਪ੍ਰਬੰਧ ਕਰਕੇ ਹੜ੍ਹ ਪ੍ਰਭਾਵਿਤ ਖੇਤਰਾਂ ਤੱਕ ਪਹੁੰਚਾਉਣ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਹਤ ਕਾਰਜ਼ਾਂ ਦੀ ਸਮੁੱਚੀ ਦੇਖ-ਰੇਖ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਕਪੂਰਥਲਾ ਨੂੰ ਪੱਕੇ ਤੌਰ ’ਤੇ ਸੁਲਤਾਨਪੁਰ ਲੋਧੀ ਵਿਖੇ ਤਾਇਨਾਤ ਕੀਤਾ ਗਿਆ ਹੈ।