ਡਿਪਟੀ ਕਮਿਸ਼ਨਰ ਨੇ 7 ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਭੇਟ ਕੀਤੇ ਹਾਈਜੀਨ ਰੇਟਿੰਗ ਦੇ ਸਰਟੀਫਿਕੇਟ

ਹੁਸ਼ਿਆਰਪੁਰ, 25 ਅਪ੍ਰੈਲ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਸ਼ਹਿਰ ਦੇ ਹੋਟਲ ਅਤੇ ਰੈਸਟੋਰੈਂਟ ਮਾਲਕਾਂ ਨੂੰ ਹਾਈਜੀਨ ਰੇਟਿੰਗ ਦੇ ਸਰਟੀਫਿਕੇਟ ਭੇਟ ਕੀਤੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਿਨਸਟ੍ਰੇਸ਼ਨ ਰਾਹੀਂ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਵਿੱਚ ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਤਿਆਰ ਕਰਕੇ ਵੇਚਣ ਵਾਲੀਆਂ ਸੰਸਥਾਵਾਂ ਦਾ ਪ੍ਰਾਈਵੇਟ ਫਰਮਾਂ ਤੋਂ ਹਾਈਜੀਨ ਰੇਟਿੰਗ ਦੇ ਉਦੇਸ਼ ਨਾਲ ਆਡਿਟ ਕਰਵਾਇਆ ਗਿਆ ਸੀ। ਇਨ੍ਹਾਂ ਅਦਾਰਿਆਂ ਵਿੱਚ ਹੁਸ਼ਿਆਰਪੁਰ ਦੀਆਂ 7 ਸੰਸਥਾਵਾਂ ਦਾ ਆਡਿਟ ਹੋਣ ਤੋਂ ਬਾਅਦ ਫੂਡ ਫਾਈਵ ਸਟਾਰ ਰੇਟਿੰਗ ਫੂਡ ਸੇਫਟੀ  ਸਟੈਂਡਰਡ ਅਥਾਰਟੀ ਵੱਲੋਂ ਦਿੱਤੀ ਗਈ, ਜਿਨ੍ਹਾਂ ਵਿੱਚ ਹੋਟਲ ਅੰਬਰ ਰੈਜ਼ੀਡੈਂਸੀ, ਹੋਟਲ ਮਹਾਰਾਜਾ ਪੈਲੇਸ, ਹੋਟਲ ਪ੍ਰੈਜ਼ੀਡੈਂਸੀ, ਕੇ.ਡੀ. ਬਫੇ, ਹਾਟਮ ਹਾਟ ਰੈਸਟੋਰੈਂਟ, ਹੰਗਰੀ ਪੁਆਇੰਟ ਅਤੇ ਹੰਗਰੀ ਹਾਲਟ ਰੈਸਟੋਰੈਂਟ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਇਨ੍ਹਾਂ ਸਾਰੀਆਂ ਸੰਸਥਾਵਾਂ ਦੇ ਮਾਲਕਾਂ ਅਤੇ ਨੁਮਾਇੰਦਿਆਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਾਫ਼-ਸਫ਼ਾਈ ਅਤੇ ਹੋਰ ਸਾਰੇ ਮਾਪਦੰਡਾਂ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ: ਲਖਬੀਰ ਸਿੰਘ, ਫੂਡ ਸੇਫ਼ਟੀ ਅਫ਼ਸਰ ਰਮਨ ਵਿਰਦੀ ਅਤੇ ਸੰਦੀਪ ਕੁਮਾਰ ਵੀ ਹਾਜ਼ਰ ਸਨ