ਡਿਪਟੀ ਕਮਿਸ਼ਨਰ ਨੇ ‘ਮੇਰਾ ਬਿੱਲ’ ਐਪ ’ਤੇ ਬਿੱਲ ਅਪਲੋਡ ਕਰਕੇ ‘ਬਿੱਲ ਲਿਆਓ, ਇਨਾਮ ਪਾਓ’ ਯੋਜਨਾ ਦੀ ਸ਼ੁਰੂਆਤ ਕੀਤੀ

  • ‘ਬਿੱਲ ਲਿਆਓ, ਇਨਾਮ ਪਾਓ’ ਯੋਜਨਾ ਦਾ ਉਦੇਸ਼ ਜੀ.ਐਸ.ਟੀ ਤਹਿਤ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ : ਡਿਪਟੀ ਕਮਿਸ਼ਨਰ
  • ਉਪਭੋਗਤਾ ਕੋਈ ਵੀ ਸਾਮਾਨ ਖਰੀਦਣ ਸਮੇਂ ਵਿਕਰੇਤਾ ਤੋਂ ਬਿੱਲ ਜ਼ਰੂਰ ਪ੍ਰਾਪਤ ਕਰਨ

ਹੁਸ਼ਿਆਰਪੁਰ, 1 ਸਤੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਟੈਕਸ ਚੋਰੀ ਨੂੰ ਰੋਕਣ ਲਈ ‘ਬਿੱਲ ਲਿਆਓ, ਇਨਾਮ ਪਾਓ’ ਯੋਜਨਾ ਤਹਿਤ ‘ਮੇਰਾ ਬਿੱਲ’ ਐਪ ਤਿਆਰ ਕੀਤੀ ਗਈ ਹੈ। ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਚ ਇਸ ਐਪ ’ਤੇ ਬਿੱਲ ਅਪਲੋਡ ਕਰਨ ਦੀ ਸ਼ੁਰੂਆਤ ਦੌਰਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਇਸ ਯੋਜਨਾ ਦਾ ਉਦੇਸ਼ ਜੀ.ਐਸ.ਟੀ ਤਹਿਤ ਨਿਯਮਾਂ ਦੀ ਪਾਲਣਾਂ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਗ੍ਰਾਹਕਾਂ ਨੂੰ ਬਿੱਲ ਲੈਣ ਲਈ ਉਤਸ਼ਾਹਿਤ ਕਰਕੇ ਮਾਲੀਆ ਨੂੰ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਉਪਭੋਗਤਾਵਾਂ ਨੂੰ ਕੋਈ ਵੀ ਸਾਮਾਨ ਖਰੀਦਣ ਸਮੇਂ ਵਿਕਰੇਤਾ ਤੋਂ ਬਿੱਲ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਨ ਲਈ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ‘ਮੇਰਾ ਬਿੱਲ’ ਐਪ ਐਂਡਰਾਇਡ ਫੋਨ ਲਈ ਗੁਗਲ ਪਲੇਅ ਸਟੋਰ ਤੇ ਐਪਲ ਲਈ ਐਪ ਸਟੋਰ ’ਤੇ ਡਾਊਨਲੋਡ ਕੀਤੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਪਭੋਗਤਾ ਨੂੰ ‘ਮੇਰਾ ਬਿੱਲ’ ਐਪ ’ਤੇ ਖਰੀਦ ਦਾ ਬਿੱਲ ਅਪਲੋਡ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ, ਜਿਸ ਤੋਂ ਉਪਰੰਤ ਉਪਭੋਗਤਾ ਲੱਕੀ ਡਰਾਅ ਵਿਚ ਸ਼ਾਮਿਲ ਹੋਣ ਯੋਗ ਹੋ ਜਾਵੇਗਾ ਅਤੇ ਲੱਕੀ ਡਰਾਅ ਹਰ ਮਹੀਨੇ ਦੀ 7 ਤਾਰੀਕ ਨੂੰ ਕੱਢਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰ ਜ਼ਿਲ੍ਹੇ ਤੋਂ ਵੱਧ ਤੋਂ ਵੱਧ 10 ਪੁਰਸਕਾਰ ਦਿੱਤੇ ਜਾਣੇ ਹਨ ਅਤੇ ਯੋਗ ਬਿੱਲ ਦੀ ਰਕਮ ਘੱਟ ਤੋਂ ਘੱਟ 200 ਰੁਪਏ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਹ ਇਨਾਮ ਵਸਤੂ/ਸੇਵਾ ਲਈ ਅਦਾ ਕੀਤੇ ਹਰ ਕਰ ਯੋਗ ਰਕਮ ਦੇ 5 ਗੁਣਾ ਦੇ ਬਰਾਬਰ ਹੋਵੇਗਾ। ਪਰੰਤੂ ਇਹ ਇਨਾਮ ਵੱਧ ਤੋਂ ਵੱਧ 10 ਹਜ਼ਾਰ ਰੁਪਏ ਤੱਕ ਦੇ ਮੁੱਲ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਜੇਤੂਆਂ ਦੀ ਸੂਚੀ ਟੈਕਸ ਵਿਭਾਗ ਦੀ ਵੈਬਸਾਈਟ ’ਤੇ ਪਾਈ ਜਾਵੇਗੀ ਅਤੇ ਜੇਤੂਆਂ ਨੂੰ ਮੋਬਾਇਲ ਐਪ ਰਾਹੀਂ ਵੀ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਤੂ ਉਪਭੋਗਤਾਵਾਂ ਵਲੋਂ ਮੋਬਾਇਲ ਐਪ ’ਤੇ ਸਹੀ ਬੈਂਕ ਆਕਊਂਟ ਨੰਬਰ ਅਤੇ ਆਈ.ਐਫ.ਐਸ.ਸੀ ਕੋਡ ਅਪਲੋਡ ਕਰਨਾ ਜ਼ਰੂਰੀ ਹੋਵੇਗਾ ਅਤੇ ਇਨਾਮ ਰਾਸ਼ੀ ਉਨ੍ਹਾਂ ਦੇ ਦਿੱਤੇ ਗਏ ਖਾਤਿਆਂ ਵਿਚ ਸਿੱਧੇ ਤੌਰ ’ਤੇ ਭੇਜੀ ਜਾਵੇਗੀ। ਕੋਮਲ ਮਿੱਤਲ ਨੇ ਦੱਸਿਆ ਕਿ ਪੈਟਰੋਲੀਅਮ ਉਤਪਾਦ (ਕੱਚਾ ਤੇਲ, ਪੈਟਰੋਲ, ਡੀਜ਼ਲ, ਹਵਾਬਾਜੀ, ਟਰਬਾਇਨ ਇੰਜਨ ਤੇ ਕੁਦਰਤੀ ਗੈਸ) ਅਤੇ ਸ਼ਰਾਬ ਦੇ ਨਾਲ-ਨਾਲ ਬਿਜਨੈਸ ਟੂ ਬਿਜਨੈਸ ਦੇ ਲੈਣ-ਦੇਣ ਦੇ ਵਿਕਰੀ ਬਿੱਲ ਇਸ ਯੋਜਨਾ ਵਿਚ ਹਿੱਸਾ ਲੈਣ ਯੋਗ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਵਸਤੂਆਂ ਦੀ ਖਰੀਦ ਮੌਕੇ ਵਿਕਰੇਤਾਵਾਂ ਵਲੋਂ ਬਿੱਲ ਲੈਣ ਲਈ ਜ਼ਿਲ੍ਹਾ ਵਾਸੀਆਂ ਨੂੰ ਇਸ ਯੋਜਨਾ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਲੋਕਾਂ ਲਈ ਬਣਾਈ ਗਈ ਹੈ ਅਤੇ ਇਸ ਰਾਹੀਂ ਸਰਕਾਰ ਟੈਕਸ ਚੋਰੀ ਵੀ ਰੋਕ ਸਕੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਟੈਕਸ ਕਾਨੂੰਨਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਸਹਾਇਕ ਕਮਿਸ਼ਨਰ ਰਾਜ ਟੈਕਸ ਡਾ. ਨਵਜੋਤ ਸ਼ਰਮਾ, ਰਾਜ ਟੈਕਸ ਅਫ਼ਸਰ ਸੰਦੀਪ ਕੁਮਾਰ, ਜਗਤਾਰ ਸਿੰਘ, ਪਰਮਿੰਦਰ ਕੌਰ ਤੋਂ ਇਲਾਵਾ ਅਮਰਜੀਤ ਅਤੇ ਲਵਪ੍ਰੀਤ ਸਿੰਘ ਵੀ ਮੌਜੂਦ ਸਨ।