ਮਾਤਾ ਚਿੰਤਪੁਰਨੀ ਮੇਲੇ ਸਬੰਧੀ ਡਿਪਟੀ ਕਮਿਸ਼ਨਰ ਨੇ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

  • ਮੇਲੇ ਦੇ ਸੁਚਾਰੂ ਪ੍ਰਬੰਧਾਂ ਨੂੰ ਲੈ ਕੇ ਸਾਂਝੀ ਰਣਨੀਤੀ ਬਣਾਈ
  • ਡਿਪਟੀ ਕਮਿਸ਼ਨਰ ਨੇ ਸੂਬੇ ਦੀਆਂ ਸਮੂਹ ਸੰਗਤਾਂ ਨੂੰ ਭਾਰ ਢੋਹਣ ਵਾਲੇ ਵਾਹਨਾਂ ਦੀ ਵਰਤੋਂ ਨਾ ਕਰਨ ਦੀ ਕੀਤੀ ਅਪੀਲ
  • ਕਿਹਾ, ਮੇਲੇ ਦੌਰਾਨ ਡੀ.ਜੇ ਤੇ ਸਿੰਗਲ ਯੂਜ਼ ਪਲਾਸਟਿਕ ’ਤੇ ਰਹੇਗੀ ਪੂਰਨ ਪਾਬੰਦੀ
  • ਲੰਗਰ ਕਮੇਟੀਆਂ, ਐਸ.ਡੀ.ਐਮ ਦਫ਼ਤਰ ਤੋਂ ਜ਼ਰੂਰ ਕਰਵਾਉਣ ਰਜਿਸਟ੍ਰੇਸ਼ਨ

ਹੁਸ਼ਿਆਰਪੁਰ, 13 ਅਗਸਤ : 17 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਮਾਤਾ ਚਿੰਤਪੁਰਨੀ ਮੇਲੇ ਦੇ ਪ੍ਰਬੰਧਾਂ ਸਬੰਧੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਊਨਾ ਜ਼ਿਲ੍ਹਾ (ਹਿਮਾਚਲ ਪ੍ਰਦੇਸ਼) ਦੇ ਅਧਿਕਾਰੀਆਂ ਨਾਲ ਅੱਜ ਮੀਟਿੰਗ ਕੀਤੀ ਅਤੇ ਸਾਂਝੀ ਰਣਨੀਤੀ ਬਣਾਈ। ਮੀਟਿੰਗ ਵਿਚ ਐਸ.ਐਸ.ਪੀ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਲਰਾਜ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਉਪਰੰਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਮਾਤਾ ਚਿੰਤਪੁਰਨੀ ਚੌਕ, ਬੰਜਰਬਾਗ, ਆਦਮਵਾਲ, ਚੌਹਾਲ, ਮੰਗੂਵਾਲ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਬਾਰਡਰ ਤੱਕ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ਸਬੰਧੀ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਮਾਤਾ ਚਿੰਤਪੁਰਨੀ ਮੇਲੇ ਦੌਰਾਨ ਦਰਸ਼ਨਾਂ ਲਈ ਜਾਣ ਵਾਲੇ ਸਮੂਹ ਸ਼ਰਧਾਲੂਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਭਾਰ ਢੋਹਣ ਵਾਲੇ ਵਾਹਨਾਂ (ਟਰੱਕ, ਟੈਂਪੂ, ਟਾਟਾ ਐਸ ਆਦਿ) ’ਤੇ ਨਾ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਕਮਰਸ਼ੀਅਲ ਵਾਹਨਾਂ ’ਤੇ ਸ਼ਰਧਾਲੂਆਂ ਨੂੰ ਫੱਟੇ ਆਦਿ ਲਗਾ ਕੇ ਬਿਠਾਇਆ ਜਾਂਦਾ ਹੈ, ਜਿਸ ਨਾਲ ਜਿਥੇ ਕਾਨੂੰਨ ਦੀ ਉਲੰਘਣਾ ਹੁੰਦੀ ਹੈ, ਉਥੇ ਕਿਸੇ ਗੰਭੀਰ ਹਾਦਸੇ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਭਾਰ ਢੋਹਣ ਵਾਲੇ ਵਾਹਨਾਂ ’ਤੇ ਰੋਕ ਸਬੰਧੀ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਨੂੰ ਬੇਨਤੀ ਕੀਤੀ ਗਈ ਹੈ। ਕੋਮਲ ਮਿੱਤਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਾਤਾ ਚਿੰਤਪੁਰਨੀ ਵਿਚ ਲੰਗਰ ਦੌਰਾਨ ਡੀ.ਜੇ ਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ’ਤੇ ਪੂਰਨ ਪਾਬੰਦੀ ਹੋਵੇਗੀ। ਉਨ੍ਹਾਂ ਕਿਹਾ ਕਿ ਲੰਗਰ ਲਗਾਉਣ ਲਈ ਰਜਿਸਟ੍ਰੇਸ਼ਨ ਜ਼ਰੂਰੀ ਹੈ, ਇਸ ਲਈ ਲੰਗਰ ਕਮੇਟੀਆਂ ਵਲੋਂ ਇਹ ਰਜਿਸਟ੍ਰੇਸ਼ਨ ਐਸ.ਡੀ.ਐਮ ਦਫ਼ਤਰ ਹੁਸ਼ਿਆਰਪੁਰ ਤੋਂ ਕਰਵਾਈ ਜਾ ਸਕਦੀ ਹੈ। ਉਨ੍ਹਾਂ ਲੰਗਰ ਕਮੇਟੀਆਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਲੰਗਰ ਲਗਾਉਣ ਦੌਰਾਨ ਸਫ਼ਾਈ ਵਿਵਸਥਾ ਬਰਕਰਾਰ ਰੱਖਣਾ ਵੀ ਯਕੀਨੀ ਬਣਾਇਆ ਜਾਵੇ, ਤਾਂ ਜੋ ਵਾਤਾਵਰਣ ਦੂਸ਼ਿਤ ਨਾ ਹੋ ਸਕੇ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਨਿਰਵਿਘਨ ਆਵਾਜਾਈ ਲਈ ਸੰਗਠਨਾਂ ਵਲੋਂ ਸੜਕ ’ਤੇ ਆ ਕੇ ਲੰਗਰ ਨਾ ਵੰਡਿਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਲਦ ਹੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜਾਵੇਗਾ, ਇਸ ਤੋਂ ਇਲਾਵਾ ਮੇਲੇ ਦੌਰਾਨ ਰੂਟ ਵਿਚ ਬਦਲਾਅ ਸਬੰਧੀ ਵੀ ਲੋਕਾਂ ਨੂੰ ਪ੍ਰਿੰਟ, ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆ ਰਾਹੀਂ ਅਗਾਊਂ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਤਾ ਚਿੰਤਪੁਰਨੀ ਮੇਲੇ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ, ਜਿਸ ਤਹਿਤ ਸ਼ਰਧਾਲੂਆਂ ਦੀ ਸੁਵਿਧਾ ਲਈ ਮੋਬਾਇਲ ਪਖਾਨੇ ਆਦਿ ਦਾ ਪ੍ਰਬੰਧ ਕਰਨ ਤੋਂ ਇਲਾਵਾ 24 ਘੰਟੇ ਸਿਹਤ ਸੁਵਿਧਾਵਾਂ, ਸਫਾਈ ਵਿਵਸਥਾ, ਟੈ੍ਰਫਿਕ ਕੰਟਰੋਲ, ਸੁਰੱਖਿਆ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਆਈ.ਏ.ਐਸ. ਦਿਵਿਆ ਪੀ, ਐਸ.ਪੀ (ਹੈਡਕੁਆਟਰ) ਮਨਜੀਤ ਕੌਰ, ਐਸ.ਪੀ.(ਡੀ) ਸਰਬਜੀਤ ਸਿੰਘ ਬਾਹੀਆ, ਆਈ.ਪੀ.ਐਸ ਆਕਰਸ਼ੀ ਜੈਨ, ਡੀ.ਐਫ.ਓ ਨਲਿਨ ਯਾਦਵ, ਐਸ. ਡੀ.ਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ, ਸਹਾਇਕ ਕਮਿਸ਼ਨਰ (ਜ) ਵਿਓਮ ਭਾਰਦਵਾਜ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਭੁਪਿੰਦਰ ਸਿੰਘ ਮੁਲਤਾਨੀ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਸਕੱਤਰ ਆਰ.ਟੀ.ਏ ਆਰ.ਐਸ ਗਿੱਲ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।