ਡਿਪਟੀ ਕਮਿਸ਼ਨਰ ਨੇ ਰੈੱਡ ਕਰਾਸ ਸੁਸਾਇਟੀ ਦੇ ਮੈਂਬਰਾਂ ਨਾਲ ਮੀਟਿੰਗ ਕਰਕੇ ਕੰਮਕਾਜ਼ ਦਾ ਲਿਆ ਜਾਇਜ਼ਾ

  • ਆਉਣ ਵਾਲੇ ਸਮੇਂ ਵਿਚ ਸੁਸਾਇਟੀ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਬਾਰੇ ਵੀ ਕੀਤੀ ਚਰਚਾ

ਹੁਸ਼ਿਆਰਪੁਰ, 26, ਫਰਵਰੀ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਕੰਮਕਾਜ਼ ਸਬੰਧੀ ਕਾਰਜਕਾਰਨੀ ਮੈਂਬਰਾਂ ਨਾਲ ਕੀਤੀ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਚਾਲੂ ਵਿੱਤੀ ਵਰ੍ਹੇ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਅਤੇ ਅਗਲੇ ਵਿੱਤੀ ਵਰ੍ਹੇ ਵਿਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਚਰਚਾ ਕੀਤੀ।   ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚਾਲੂ ਵਿੱਤੀ ਵਰ੍ਹੇ ਵਿਚ ਰੈਡ ਕਰਾਸ ਵੱਲੋਂ ਬਹੁਤ ਸਾਰੇ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਗਏ, ਜਿਨਾਂ ਵਿਚ ਸਪੈਸ਼ਲ ਬੱਚਿਆਂ ਲਈ ਵਿੰਗਜ਼ ਪ੍ਰੋਜੈਕਟ, ਜ਼ਿਲ੍ਹਾ ਨਸ਼ਾ ਮੁਕਤੀ ਅਤੇ ਮੁੜ ਵਸੇਬਾ ਕੇਂਦਰ ਮੁੱਹਲਾ ਫਹਿਤਗੜ੍ਹ ਵਿਖੇ ਇਨਮੇਟਸ ਲਈ ਸਕਿੱਲ ਪ੍ਰੋਗਰਾਮ ਵਿਚ ਹੇਅਰ ਡਰੈਸਰ ਅਤੇ ਪਕਵਾਨ ਬਣਾਉਣ ਦੇ ਕੋਰਸ ਸ਼ੁਰੂ ਕੀਤੇ ਗਏ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਰੈਡ ਕਰਾਸ ਵੱਲੋਂ ਚਲਾਏ ਜਾ ਰਹੇ ਰੈਡ ਕਰਾਸ ਸਕੂਲ ਆਫ਼ ਵੋਕੇਸ਼ਨਲ ਲਰਨਿੰਗ ਦੀ ਬਿਲਡਿੰਗ ਨੂੰ ਰੈਨੋਵੇਟ ਕੀਤਾ ਗਿਆ ਹੈ ਅਤੇ ਆਧੁਨਿਕ ਉਪਕਰਣ ਲਗਾਏ ਗਏ ਹਨ। ਇਸ ਸੈਂਟਰ ਵਿਚ ਕੰਪਿਉਟਰ ਟ੍ਰੇੇਨਿੰਗ ਸੈਂਟਰ, ਬਿਊਟੀ ਐਂਡ ਵੈਲਨੈਸ, ਫੈਸ਼ਨ ਡਿਜ਼ਾਇਨਿੰਗ , ਟਾਇਪ ਐਂਡ ਸ਼ਾਰਟਹੈਂਡ ਵਿਚ ਬਹੁਤ ਹੀ ਘੱਟ ਫੀਸਾਂ ’ਤੇ ਟ੍ਰੇਨਿੰਗ ਮੁਹੱਈਆ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਰੈੱਡ ਕਰਾਸ ਸੁਸਾਇਟੀ ਵੱਲੋਂ ਸਮਾਜ ਭਲਾਈ ਲਈ ਬਹੁਤ ਹੀ ਬਿਹਤਰੀਨ ਪ੍ਰੋਜੈਕਟ ਜਿਵੇਂ ਕਿ ਟੈਲੀ ਅਕਾਊਂਟਿੰਗ, ਟੀ.ਡੀ.ਐਸ ਅਤੇ ਜੀ.ਐਸ.ਟੀ, ਡਿਜੀਟਲ ਮਾਰਕਿਟਿੰਗ ਦੇ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਬਹੁਤ ਹੀ ਜਲਦ ਗਰੀਬ ਪਰਿਵਾਰਾਂ ਨਾਲ ਸਬੰਧਤ ਅਠਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਲਈ ਮੁਫ਼ਤ ਟਿਊਸ਼ਨ ਸੈਂਟਰ ਵੀ ਖੋਲਿ੍ਹਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਲੋਕਾਂ ਨੂੰ ਸਸਤੇ ਰੇਟਾ ’ਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਇਕ ਹੋਰ ਜਨ ਔਸ਼ਧੀ ਕੇਂਦਰ ਵੀ ਖੋਲਿ੍ਹਆ ਜਾਵੇਗਾ। ਇਸ ਤੋਂ ਇਲਾਵਾ ਦੋ ਨਵੀਆਂ ਟੱਕ ਸ਼ਾਪਜ਼ ਖੋਲ੍ਹੀਆਂ ਜਾ ਰਹੀਆਂ ਹਨ, ਜੋ ਕਿ ਸਪੈਸ਼ਲ ਬੱਚਿਆਂ ਦੁਆਰਾ ਚਲਾਈਆਂ ਜਾਣਗੀਆਂ। ਇਸ ਤੋਂ ਇਲਾਵਾ ਸਾਂਝੀ ਰਸੋਈ ਅਤੇ ਕਰੈਚ ਸੈਂਟਰ ਦਾ ਵੀ ਨਵੀਨੀਕਰਨ ਕਰਵਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ  ਰੈਡ ਕਰਾਸ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਯੋਗਦਾਨ ਦੇਣ ਦੀ ਅਪੀਲ ਕੀਤੀ ਗਈ।