ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿਚ ਲਗਾਏ ਗਏ ਵਿਸ਼ੇਸ਼ ਕੈਂਪਾਂ ਦੌਰਾਨ ਮੁਕੇਰੀਆਂ ਦੇ ਪੋਲਿੰਗ ਬੂਥਾਂ ਦੀ ਕੀਤੀ ਚੈਕਿੰਗ 

  • ਕਿਹਾ, ਵੋਟਰ ਸੂਚੀਆਂ ਵਿਚ ਸੋਧ ਸਬੰਧੀ ਦਾਅਵੇ ਅਤੇ ਇਤਰਾਜ਼ 9 ਦਸੰਬਰ ਤੱਕ ਪ੍ਰਾਪਤ ਕੀਤੇ ਜਾਣਗੇ
  • ਸਮੂਹ ਐਸ.ਡੀ.ਐਮਜ਼ ਅਤੇ ਹੋਰਨਾਂ ਅਧਿਕਾਰੀਆਂ ਵੱਲੋਂ ਵੀ ਆਪਣੇ ਸਬੰਧਤ ਬੂਥਾਂ ਦਾ ਨਿਰੀਖਣ

ਹੁਸ਼ਿਆਰਪੁਰ, 3 ਦਸੰਬਰ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਅੱਜ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਜ਼ਿਲ੍ਹੇ ਭਰ ਦੇ ਪੋਲਿੰਗ ਬੂਥਾਂ 'ਤੇ ਵੋਟਰ ਸੂਚੀਆਂ ਦੀ ਸੁਧਾਈ ਲਈ ਲਗਾਏ ਗਏ ਵਿਸ਼ੇਸ਼ ਕੈਂਪਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਮੁਕੇਰੀਆਂ ਦੇ ਪੋਲਿੰਗ ਬੂਥ ਨੰਬਰ 120 ਤੋਂ 125 ਦਾ ਨਿਰੀਖਣ ਕੀਤਾ। ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਦੀਆਂ ਹਦਾਇਤਾਂ ’ਤੇ ਸਮੂਹ ਐਸ.ਡੀ.ਐਮਜ਼ ਅਤੇ ਹੋਰ ਅਧਿਕਾਰੀਆਂ ਵੱਲੋਂ ਸਬੰਧਤ ਬੂਥਾਂ ਦਾ ਨਿਰੀਖਣ ਵੀ ਕੀਤਾ ਗਿਆ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 1 ਜਨਵਰੀ 2024 ਦੇ ਆਧਾਰ 'ਤੇ ਵੋਟਰ ਸੂਚੀਆਂ ਦੀ ਸੁਧਾਈ ਦੇ ਪ੍ਰੋਗਰਾਮ ਤਹਿਤ 9 ਦਸੰਬਰ 2023 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਦੀ ਉਮਰ 1 ਜਨਵਰੀ 2024 (1 ਜਨਵਰੀ 2006 ਜਾਂ ਇਸ ਤੋਂ ਪਹਿਲਾਂ ਪੈਦਾ ਹੋਏ) ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੈ, ਉਹ ਵੋਟਰ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਉਣ ਲਈ ਫਾਰਮ ਨੰਬਰ 6 ਵਿਚ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਵਿਚ ਨਾਮ ਸ਼ਾਮਲ ਹੋਣ ’ਤੇ ਇਤਰਾਜ਼ ਜਤਾਉਣ ਲਈ ਜਾਂ ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟਰ ਸੂਚੀ ਵਿਚ ਕਿਸੇ ਕਿਸਮ ਦੀ ਸੁਧਾਈ ਕਰਵਾਉਣ ਲਈ, ਪਤੇ ਵਿਚ ਸੁਧਾਰ ਲਈ ਫਾਰਮ ਨੰਬਰ 8, ਡੁਪਲੀਕੇਟ ਵੋਟਰ ਕਾਰਡ ਲਈ ਫਾਰਮ ਨੰਬਰ 8 ਸਬੰਧਤ ਬੂਥ ਲੈਵਲ ਅਫਸਰ ਨੂੰ ਜਮ੍ਹਾ ਕਰਵਾਇਆ ਜਾ ਸਕਦਾ ਹੈ। ਹਨ। ਇਸ ਤੋਂ ਇਲਾਵਾ ਤੁਸੀਂ ਹੈਲਪਲਾਈਨ ਐਪ ਜਾਂ ਵੋਟਰ ਪੋਰਟਲ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹੋ। ਉਨ੍ਹਾਂ ਦੱਸਿਆ ਕਿ ਅੱਜ ਦੇ ਕੈਂਪ ਵਿਚ ਬੀ.ਐਲ.ਓਜ਼ ਨੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਆਪੋ-ਆਪਣੇ ਪੋਲਿੰਗ ਸਟੇਸ਼ਨਾਂ 'ਤੇ ਬੈਠ ਕੇ ਯੋਗ ਵਿਅਕਤੀਆਂ ਤੋਂ ਦਾਅਵੇ ਅਤੇ ਇਤਰਾਜ਼ ਇਕੱਤਰ ਕੀਤੇ। ਉਨ੍ਹਾਂ ਦੱਸਿਆ ਕਿ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 26 ਦਸੰਬਰ, 2023 ਤੱਕ ਕੀਤਾ ਜਾਵੇਗਾ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 5 ਜਨਵਰੀ, 2024 ਨੂੰ ਕੀਤੀ ਜਾਵੇਗੀ।