ਡਿਪਟੀ ਕਮਿਸ਼ਨਰ ਅਤੇ ਐਸ.ਐਸ. ਪੀ ਨੇ ਸਰਕਾਰੀ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ ਦੀ ਕੀਤੀ ਅਚਨਚੇਤ ਚੈਕਿੰਗ

  • ਚੈਕਿੰਗ ਦੌਰਾਨ ਕੁਝ ਡਾਟਰ ਪਾਏ ਗਏ ਗੈਰ ਹਾਜ਼ਰ
  • ਡਿਪਟੀ ਕਮਿਸ਼ਨਰ ਨੇ ਗੈਰ ਹਾਜ਼ਰ ਡਾਕਟਰਾਂ ਖਿਲਾਫ ਕਾਰਵਾਈ ਕਰਕੇ ਰਿਪੋਰਟ ਪੇਸ਼ ਕਰਨ ਸਬੰਧੀ ਦਿੱਤੇ ਨਿਰਦੇਸ਼
  • ਐਸ.ਐਸ ਪੀ ਨੇ ਮਰੀਜ਼ ਦੀ ਰਜਿਸਟ੍ਰੇਸ਼ਨ, ਕਾਂਊਂਸਲਿੰਗ ਅਤੇ ਦਵਾਈ ਦੇਣ ਸਬੰਧੀ ਸਾਰੀ  ਪ੍ਰਕ੍ਰਿਆ ਦੀ ਲਈ ਜਾਣਕਾਰੀ

ਨਵਾਂਸ਼ਹਿਰ, 14 ਨਵੰਬਰ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸ.ਐਸ.ਪੀ ਡਾ. ਅਖਿਲ ਚੌਧਰੀ ਨੇ ਮੰਗਲਵਾਰ ਸਵੇਰੇ ਸਰਕਾਰੀ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ ਵਿਖੇ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਦੌਰਾਨ ਕਈ ਡਾਕਟਰ ਗੈਰ ਹਾਜ਼ਰ ਪਾਏ ਗਏ, ਜਿਸ ਦਾ ਗੰਭੀਰ ਨੋਟਿਸ ਲੈਂਦੇ ਹੋਏ ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਕਾਰਵਾਈ ਕਰਕੇ ਰਿਪੋਰਟ ਪੇਸ਼ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਨੇ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕਰਕੇ ਦਵਾਈ ਲੈਣ ਆਏ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਅਤੇ ਡਾਕਟਰ ਵਲੋਂ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਦਵਾਈਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਡਾਕਟਰ ਵਲੋਂ ਮਰੀਜ਼ਾਂ ਨੂੰ ਹਰ ਰੋਜ਼, ਇਕ ਹਫ਼ਤਾ ਅਤੇ ਪੰਦਰਾਂ ਦਿਨਾਂ ਦੀ ਇਕੱਠੀ ਦਿੱਤੀਆਂ ਜਾਂਦੀਆਂ ਦਵਾਈਆਂ ਸਬੰਧੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਦਿੱਤੀਆਂ ਜਾਂਦੀਆਂ ਦਵਾਈਆਂ ਦਾ ਬਰੀਕੀ ਦੇ ਨਾਲ ਸਟਾਕ ਰਜਿਸਟਰ ਚੈਕ ਕੀਤਾ ਗਿਆ। ਉਨ੍ਹਾਂ ਨੇ ਡਾਕਟਰਾਂ ਨੂੰ ਸਖ਼ਤ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਸਮੇਂ ਸਬੰਧਤ ਮਰੀਜ਼ ਦਾ ਆਈ ਕਾਰਡ ਲੈ ਕੇ ਹੀ ਰਜਿਸਟ੍ਰੇਸ਼ਨ ਕੀਤੀ ਜਾਵੇ ਅਤੇ ਜਿਸ ਮਰੀਜ ਨੂੰ ਦਵਾਈ ਦਿੱਤੀ ਜਾਂਦੀ ਹੈ, ਉਸ ਨੂੰ ਹੀ ਦਵਾਈ ਦਿੰਤੀ ਜਾਵੇ ਅਤੇ ਕਿਸੇ ਕਿਸੇ ਹੋਰ ਮਰੀਜ਼ ਦੀ ਦਵਾਈ ਕਿਸੇ ਵੀ ਵਿਅਕਤੀ ਨੂੰ ਘਰ ਲੈ ਕੇ ਜਾਣ ਵਾਸਤੇ ਨਾ ਦਿੱਤੀ ਜਾਵੇ। ਉਨ੍ਹਾਂ ਨੇ ਨਸ਼ਾ ਛੁਡਾਊ ਕੇਂਦਰ ਦੇ ਸਟਾਫ ਨੂੰ ਵੀ ਮਰੀਜ਼ਾਂ ਦੇ ਨਾਲ ਸਹੀ ਵਤੀਰਾ ਰੱਖਣ ਲਈ ਨਿਰਦੇਸ਼ ਵੀ ਦਿੱਤੇ। ਐਸ.ਐਸ.ਪੀ ਡਾ. ਅਖਿਲ ਚੌਧਰੀ ਨੇ ਨਸ਼ਾ ਛੁਡਊ ਕੇਂਦਰ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਜਦੋਂ ਉਨ੍ਹਾਂ ਕੋਲ ਕੋਈ ਮਰੀਜ਼ ਆਉਂਦਾ ਹੈ, ਤਾਂ ਸਭ ਤੋਂ ਪਹਿਲਾਂ ਉਸਦੀ ਆਈ. ਡੀ ਲੈ ਕੇ ਰਜਿਸਟ੍ਰੇਸ਼ਨ ਕੀਤੀ ਜਾਵੇ ਅਤੇ ਇਸ ਤੋਂ ਬਾਅਦ ਮਰੀਜ਼ ਦੀ ਕਾਂਊਂਸਲਿੰਗ ਕਰਕੇ ਇਹ ਜਾਣਕਾਰੀ ਲਈ ਜਾਵੇ ਕਿ ਉਹ ਕਿਸ ਪ੍ਰਕਾਰ ਦਾ ਨਸ਼ਾ ਲੈਂਦਾ ਹੈ ਅਤੇ ਉਸ ਦਾ ਨਸ਼ਾ ਲੈਣ ਦਾ ਕੀ ਕਾਰਨ ਹੈ। ਮਰੀਜ਼ ਦੀ ਕਾਂਊਂਸਲਿੰਗ ਕਰਕੇ ਸਬੰਧਤ ਮਰੀਜ਼ ਨੂੰ ਨਸ਼ਾ ਛੱਡਣ ਦੇ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਜਿਥੇ ਤੱਕ ਹੋ ਸਕੇ ਉਸ ਨੂੰ ਵਾਪਸ ਸਮਾਜਿਕ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਕਰਨ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕਾਂਊਂਸਲਿੰਗ ਤੋਂ ਬਾਅਦ ਹੀ ਸਬੰਧਤ ਮਰੀਜ਼ ਨੂੰ ਡਾਕਟਰ ਕੋਲ ਦਵਾਈ ਲੈਣ ਲਈ ਭੇਜਿਆ ਜਾਵੇ ਅਤੇ ਡਾਕਟਰ ਵਲੋਂ ਮਰੀਜ਼ ਨੂੰ ਨਸ਼ਾ ਛੱਡਣ ਦੇ ਲਈ ਪ੍ਰੇਰਿਤ ਕੀਤਾ ਜਾਵੇ, ਤਾਂ ਜੋ ਮਿਥੇ ਗਏ ਸਮੇਂ ਅੰਦਰ ਦਵਾਈ ਦਾ ਕੋਰਸ ਪੂਰਾ ਕਰਕੇ ਨਸ਼ਾ ਛੱਡ ਸਕੇ ਅਤੇ ਮੁੜ ਆਪਣੀਆਂ ਪਰਿਵਾਰਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਅ ਸਕੇ। ਇਸ ਮੌਕੇ ਜ਼ਿਲ੍ਹਾ ਮਨੋਵਿਗਿਆਨੀ ਡਾ. ਰਾਜਨ ਸ਼ਾਸ਼ਤਰੀ, ਐਸ.ਐਮ.ਓ ਡਾ. ਸਤਵਿੰਦਰ ਸਿੰਘ ਬਿਟੂ ਤੋਂ ਇਲਾਵਾ ਸਰਕਾਰੀ ਹਸਪਤਾਲ ਦੇ ਸਟਾਫ ਮੈਂਬਰ ਵੀ ਮੌਜੂਦ ਸਨ।