ਡੀ.ਸੀ. ਰੰਧਾਵਾ ਵੱਲੋਂ ਖਟਕੜ ਕਲਾਂ ਵਿਖੇ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ

ਬੰਗਾ, 5 ਮਈ : ਪੰਜਾਬ ਸਰਕਾਰ ਵੱਲੋਂ ਆਪਣੀ ਵਚਨਬੱਧਤਾ ਅਨੁਸਾਰ ਪਿੰਡਾਂ ’ਚ ਰਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇੇ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ, ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਛੇ ਹੋਰ ਆਮ ਆਦਮੀ ਕਲੀਨਿਕ ਲੋਕ ਸੇਵਾ ’ਚ ਅਰਪਿਤ ਕੀਤੇ ਗਏ ਹਨ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਨਵੇਂ ਬਣੇ ਆਮ ਆਦਮੀ ਕਲੀਨਿਕ ਦਾ ਰਸਮੀ ਉਦਘਾਟਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਖਟਕੜ ਕਲਾਂ ਤੋਂ ਇਲਾਵਾ ਅੱਜ ਜ਼ਿਲ੍ਹੇ ’ਚ ਜਿਨ੍ਹਾਂ ਹੋਰ ਆਮ ਆਦਮੀ ਕਲੀਨਿਕਾਂ ਨੂੰ ਲੋਕਾਂ ਦੀ ਸੇਵਾ ’ਚ ਅਰਪਿਤ ਕੀਤਾ ਗਿਆ ਹੈ, ਉਨ੍ਹਾਂ ’ਚ ਭਾਰਟਾ ਖੁਰਦ, ਪਨਿਆਲੀ, ਕਮਾਮ, ਔੜ ਅਤੇ ਸੰਧਵਾਂ-ਫਰਾਲਾ ਸ਼ਾਮਲ ਹਨ।  ਇਸ ਤਰ੍ਹਾਂ ਹੁਣ ਜ਼ਿਲ੍ਹੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ 17 ਹੋ ਗਈ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਮਰੀਜ਼ਾਂ ਦੀ ਸਹੂਲਤ ਲਈ ਬੁਨਿਆਦੀ ਢਾਂਚਾ, ਮੈਡੀਕਲ ਸਾਜ਼ੋ-ਸਾਮਾਨ, ਬਿਜਲਈ ਉਪਕਰਨ, ਡਾਕਟਰ ਦਾ ਕਮਰਾ, ਫਾਰਮੇਸੀ ਅਤੇ ਸੈਂਪਲ ਕਲੈਕਸ਼ਨ ਰੂਮ ਅਤੇ ਰਿਸੈਪਸ਼ਨ-ਕਮ-ਵੇਟਿੰਗ ਏਰੀਆ ਅਤੇ ਟਾਇਲਟ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਕਲੀਨਿਕ ਪੇਂਡੂ ਖੇਤਰ ਵਿੱਚ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨੂੰ ਪੂਰਾ ਕਰਨਗੇ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿਖੇ 78 ਤਰ੍ਹਾਂ ਦੀਆਂ ਦਵਾਈਆਂ ਉਪਲਬਧ ਕਰਵਾਉਣ ਤੋਂ ਇਲਾਵਾ ਐਚ ਬੀ, ਬਲੱਡ ਸ਼ੂਗਰ, ਬਲੱਡ ਗਰੁੱਪ, ਐਚ ਆਈ ਵੀ, ਐਚ ਸੀ ਵੀ (ਕਾਲਾ ਪੀਲੀਆ), ਐਚ ਬੀ ਐਸ ਏ ਜੀ (ਜਿਗਰ ਦੀਆਂ ਬਿਮਾਰੀਆਂ ਨਾਲ ਸਬੰਧਤ), ਵੀ ਡੀ ਆਰ ਐਲ (ਗਰਭ ਦੌਰਾਨ ਜਾਂਚ), ਪਿਸ਼ਾਬ ਰਾਹੀਂ ਸ਼ੂਗਰ ਦੀ ਜਾਂਚ, ਪਿਸ਼ਾਬ ਰਾਹੀਂ ਅਲਬੁਮੇਨ ਦੀ (ਪੀਲੀਆ) ਜਾਂਚ, ਪਿਸ਼ਾਬ ਰਾਹੀਂ ਗਰਭ ਦੀ ਜਾਂਚ, ਖੂਨ ਰਾਹੀਂ ਮਲੇਰੀਆ ਦੀ ਜਾਂਚ ਆਦਿ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਜ਼ਿਲ੍ਹੇ ਵਿੱਚ ਆਮ ਆਦਮੀ ਕਲੀਨਿਕ ਸ਼ੁਰੂ ਹੋਏ ਹਨ, ਨੇੜਲੇ ਖੇਤਰਾਂ ਦੇ 90 ਪ੍ਰਤੀਸ਼ਤ ਮਰੀਜ਼ਾਂ ਦਾ ਇੱਥੇ ਇਲਾਜ ਕੀਤਾ ਜਾ ਰਿਹਾ ਹੈ, ਜਿਸ ਨਾਲ ਕਮਿਊਨਿਟੀ ਹੈਲਥ ਸੈਂਟਰਾਂ ਅਤੇ ਸਬ ਡਵੀਜ਼ਨਲ ਅਤੇ ਜ਼ਿਲ੍ਹਾ ਹਸਪਤਾਲਾਂ ’ਤੇ ਬੋਝ ਘਟਿਆ ਹੈ।ਡੀ ਸੀ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਪੰਜਾਬ ਦੇ ਸਿਹਤ ਖੇਤਰ ਵਿੱਚ ਆਮ ਆਦਮੀ ਨੂੰ ਲਾਭ ਪਹੁੰਚਾਉਣ ਲਈ ਇੱਕ ਵੱਡਾ ਕਦਮ ਹੈ।  ਇਨ੍ਹਾਂ ਕਲੀਨਿਕਾਂ ਦੇ ਸ਼ੁਰੂ ਹੋਣ ਨਾਲ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਵਿੱਚ ਮਿਸਾਲੀ ਸੁਧਾਰ ਹੋਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਰਜਕਾਰੀ ਸਿਵਲ ਸਰਜਨ ਡਾ. ਜਸਦੇਵ ਸਿੰਘ, ਆਮ ਆਦਮੀ ਕਲੀਨਿਕ ਖਟਕੜ ਕਲਾਂ ਦੇ ਇੰਚਾਰਜ ਡਾਕਟਰ ਸਰਬਜੀਤ ਸਿੰਘ, ਸਮੂਹ ਸਟਾਫ਼, ਖਟਕੜ ਕਲਾਂ ਦੀ ਸਰਪੰਚ ਕੁਲਵਿੰਦਰ ਕੌਰ ਅਤੇ ਸਮੁੱਚੀ ਪੰਚਾਇਤ, ਬੰਗਾ ਤੋਂ ਐਮ ਸੀ ਨਰਿੰਦਰਜੀਤ ਰੱਤੂ, ਸੁਰਿੰਦਰ ਘਈ, ਮੀਨੂ ਅਰੋੜਾ, ਆਪ ਆਗੂ ਸਾਹਿਲ ਅਰੋੜਾ ਅਤੇ ਬਿੰਦਰ ਜੀਤ ਕੌਰ, ਹੈਲਥ ਇੰਸਪੈਕਟਰ ਮਲਕੀਤ ਸਿੰਘ ਤੇ ਬੀ ਈ ਈ ਵਿਕਾਸ ਵਿਰਦੀ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਅਤੇ ਕਾਰਜਕਾਰੀ ਸਿਵਲ ਸਰਜਨ ਵੱਲੋਂ ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਸਮਾਗਮ ’ਚ ਹਾਜ਼ਰ ਪਤਵੰਤਿਆਂ ਦਾ ਹਾਰ ਪਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ ਅਤੇ ਇਸ ਕਲੀਨਿਕ ਨੂੰ ਮੁਕੰਮਲ ਕਰਕੇ ਲੋੋਕ ਅਰਪਣ ਕਰਨ ’ਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।