ਸਦਭਾਵਨਾ, ਸ਼ਾਂਤੀ, ਪ੍ਰੇਮ ਅਤੇ ਦਿਆ ਦਾ ਸੰਦੇਸ਼ ਦਿੰਦਾ ਹੈ ਕ੍ਰਿਸਮਸ ਦਾ ਤਿਉਹਾਰ : ਬ੍ਰਮ ਸ਼ੰਕਰ ਜਿੰਪਾ

  • ਕੈਬਨਿਟ ਮੰਤਰੀ ਨੇ ਕ੍ਰਿਸਮਸ ’ਤੇ ਦਿੱਤਾ ਭਾਈਚਾਰਕ ਸਾਂਝ ਦਾ ਸੰਦੇਸ਼
  • ਸਮੂਹ ਈਸਾਈ ਭਾਈਚਾਰੇ ਨੂੰ ਦਿੱਤੀ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ

ਹੁਸ਼ਿਆਰਪੁਰ, 25 ਦਸੰਬਰ : ਕ੍ਰਿਸਮਸ ਦਾ ਤਿਉਹਾਰ ਸਦਭਾਵਨਾ, ਪ੍ਰੇਮ ਅਤੇ ਆਸ਼ਾ ਦਾ ਪ੍ਰਤੀਕ ਹੈ। ਕ੍ਰਿਸਮਸ ਦਾ ਇਹ ਵੱਡਾ ਦਿਨ ਪ੍ਰਭੂ ਯਿਸੂ ਮਸੀਹ ਦੇ ਜਨਮ ਦੀ ਖੁਸ਼ੀ ਵਿਚ ਮਨਾਇਆ ਜਾਣ ਵਾਲਾ ਤਿਉਹਾਰ ਹੈ। ਪ੍ਰਭੂ ਯਿਸੂ ਮਸੀਹ ਦਾ ਸ਼ਾਂਤੀ, ਪਿਆਰ ਅਤੇ ਦਿਆ ਦਾ ਸੰਦੇਸ਼ ਦੁਨੀਆਂ ਭਰ ਕੇ ਲੋਕਾਂ ਨੂੰ ਏਕਤਾ ਦੀ ਰਾਹ ਦਿਖਾਉਂਦਾ ਹੈ। ਇਹ ਵਿਚਾਰ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਸੀ.ਐਨ.ਆਈ ਚਰਚ ਗਰੀਨ ਵਿਊ ਪਾਰਕ ਵਿਚ ਕ੍ਰਿਸਮਸ ਪ੍ਰਾਰਥਨਾ ’ਤੇ ਰੱਖੇ। ਇਸ ਉਪਰੰਤ ਉਨ੍ਹਾਂ ਮੋਨਾ ਮੈਮੋਰੀਅਲ ਚਰਚ ਸਿਵਲ ਲਾਈਨ ਵਿਚ ਜਾ ਕੇ ਪ੍ਰਾਰਥਨਾ ਵਿਚ ਹਿੱਸਾ ਲਿਆ ਅਤੇ ਸਮੂਹ ਈਸਾਈ ਭਾਈਚਾਰੇ ਨੂੰ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਮਹੱਤਵਪੂਰਨ ਦਿਨ ਸਾਨੂੰ ਲੋਕਾਂ ਨੂੰ ਮਾਫ ਕਰਨਾ ਸਿਖਾਉਂਦਾ ਹੈ, ਇਸ ਲਈ ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਆਪਣੇ ਗੁੱਸੇ ਦੂਰ ਕਰਕੇ ਲੋਕਾਂ ਨੂੰ ਮਾਫ਼ ਕਰਨੇ ਚਾਹੀਦੇ ਹਨ ਕਿਉਂਕਿ ਪ੍ਰਭੂ ਯਿਸੂ ਨੇ ਸਾਨੂੰ ਇਹੀ ਸੰਦੇਸ਼ ਦਿੱਤਾ ਹੇ। ਇਸ ਦੌਰਾਨ ਉਨ੍ਹਾਂ ਨੇ ਆਏ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਆਦਰਸ਼ਾਂ ’ਤੇ ਚੱਲਣ ਦੀ ਪ੍ਰੇਰਣਾ ਵੀ ਦਿੱਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਚਰਚ ਦੀ ਹਰ ਜ਼ਰੂਰਤ ਨੂੰ ਪੂਰਾ ਕੀਤਾ ਜਾਵੇਗਾ ਅਤੇ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਚਰਚ ਪ੍ਰਬੰਧਕ ਕਮੇਟੀਆਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜ਼ਰੂਰਤ ਪੈਣ ’ਤੇ ਕਿਸੇ ਵੀ ਸਮੇਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਦੌਰਾਨ ਮੇਅਰ ਸੁਰਿੰਦਰ ਕੁਮਾਰ, ਕੌਂਸਲਰ ਪ੍ਰਦੀਪ ਬਿੱਟੂ, ਵਰਿੰਦਰ ਵੈਦ, ਲਾਰੈਂਸ ਚੌਧਰੀ, ਪਾਦਰੀ ਮਨਦੀਪ ਨਾਹਰ, ਸਕੱਤਰ ਜੇਸਨ ਮੈਥਿਊ, ਸਟੀਫਨ, ਅਨੁ, ਓਲਫਤ ਮੈਥਿਊ, ਅਨੀਤਾ, ਰੂਪ ਲਾਲ ਥਾਪਰ, ਦੀਪਕ, ਰਾਜੀਵ ਰੰਗਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।