ਚੌਧਰੀ ਸੰਤੋਖ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਕੀਤਾ ਸਸਕਾਰ, ਰਾਹੁਲ ਗਾਂਧੀ ਨੇ ਦਿੱਤੀ ਸਰਧਾਂਜਲੀ

ਧਾਲੀਵਾਲ, 15 ਜਨਵਰੀ : ਜਲੰਧਰ ਤੋਂ ਕਾਂਗਰਸ ਪਾਰਟੀ ਦੇ ਪਾਰਲੀਮੈਂਟ ਮੈਂਬਰ ਸੰਤੋਖ ਸਿੰਘ ਚੌਧਰੀ ਬੀਤੇ ਕੱਲ੍ਹ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਜਿੰਨ੍ਹਾਂ ਦਾ ਅੱਜ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਧਾਲੀਵਾਲ ਕਾਦੀਆਂ ਵਿਖੇ ਕਰ ਦਿੱਤਾ ਗਿਆ। ਚੌਧਰੀ ਸੰਤੋਖ ਸਿੰਘ ਦੀ ਅੰਤਿਮ ਯਾਤਰਾ ਅੱਜ ਜਲੰਧਰ ਸ਼ਹਿਰ ਦੇ ਫੁੱਟਬਾਲ ਚੌਂਕ ਤੋਂ ਰਵਾਨਾ ਹੋਈ, ਜੋ ਉਨ੍ਹਾਂ ਦੇ ਪਿੰਡ ਪੁੱਜੀ। ਇੱਥੇ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ, ਇਸ ਮੌਕੇ ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਸਨ। ਪੁੱਤਰ ਵਿਧਾਇਕ ਵਿਕਰਮਜੀਤ ਚੌਧਰੀ ਨੇ ਮੁੱਖ ਅਗਨੀ ਦੇ ਉਨ੍ਹਾਂ ਨੂੰ ਅਲਵਿਦਾ ਕਿਹਾ। ਸੰਤੋਖ ਸਿੰਘ ਚੌਧਰੀ ਦੀ ਅੰਤਿਮ ਯਾਤਰਾ ਦੌਰਾਨ ਰਾਹੁਲ ਗਾਂਧੀ, ਰਾਜਾ ਵੜਿੰਗ, ਸੰਤ ਬਲਬੀਰ ਸਿੰਘ ਸੀਚੇਵਾਲ, ਪ੍ਰਤਾਪ ਸਿੰਘ ਬਾਜਵਾ ਸਣੇ ਕਾਂਗਰਸ ਦੀ ਸਮੂਚੀ ਲੀਡਰਸ਼ਿਪ ਵੀ ਮੌਜੂਦ ਰਹੀ।

Yatra

ਵਾਤਾਵਰਣ ਪ੍ਰੇਮੀ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਘਰ ਪਹੁੰਚੇ। ਉਨ੍ਹਾਂ ਨੇ ਸੰਸਦ ਮੈਂਬਰ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।  ਜ਼ਿਕਰਯੋਗ ਹੈ ਕਿ ਸੰਸਦ ਮੈਂਬਰ ਦਾ ਕੱਲ੍ਹ ਫਿਲੌਰ ਵਿਚ ਭਾਰਤ ਜੋੜੋ ਯਾਤਰਾ ਦੌਰਾਨ 76 ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਉਹ ਰਾਹੁਲ ਗਾਂਧੀ ਨਾਲ ਘੁੰਮ ਰਹੇ ਸਨ। ਜਿੱਥੇ ਉਹਨਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਅੰਤਿਮ ਸੰਸਕਾਰ ਹੋਣ ਤੱਕ ਯਾਤਰਾ ਮੁਲਤਵੀ ਕਰ ਦਿੱਤੀ। ਰਾਹੁਲ ਗਾਂਧੀ ਵੀ ਉਨ੍ਹਾਂ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ।

  • ਸੰਤੋਖ ਸਿੰਘ ਚੌਧਰੀ ਨੂੰ ਸਿਆਸਤ ਵਿਰਾਸਤ 'ਚ ਮਿਲੀ ਸੀ

ਸੰਤੋਖ ਸਿੰਘ ਚੌਧਰੀ ਦਾ ਜਨਮ 18 ਜੂਨ 1946 ਨੂੰ ਨਕੋਦਰ ਵਿਖੇ ਪਿੰਡ ਧਾਲੀਵਾਲ 'ਚ ਹੋਇਆ ਸੀ। ਪਿਤਾ ਦਾ ਨਾਂ ਮਾਸਟਰ ਗੁਰਬੰਤਾ ਸਿੰਘ ਅਤੇ ਮਾਤਾ ਦਾ ਨਾਂ ਸੰਪੂਰਨ ਕੌਰ ਹੈ। ਸੰਤੋਖ ਸਿੰਘ ਚੌਧਰੀ ਨੇ ਬੀ. ਏ. ਅਤੇ ਐੱਲ. ਐੱਲ. ਬੀ ਦੀ ਪੜ੍ਹਾਈ ਕੀਤੀ ਹੋਈ ਸੀ। ਪੇਸ਼ੇ ਤੋਂ ਕ੍ਰਿਮੀਨਲ ਵਕੀਲ ਚੌਧਰੀ ਸੰਤੋਖ ਸਿਘ ਨੂੰ ਸਿਆਸਤ ਵਿਰਾਸਤ 'ਚ ਮਿਲੀ। ਇਨ੍ਹਾਂ ਦੇ ਪਿਤਾ ਮਾਸਟਰ ਗੁਰਬੰਤਾ ਸਿੰਘ ਪੰਜਾਬ ਦੇ ਅਨੁਸੂਚਿਤ ਜਾਤੀ ਦੇ ਲੀਡਰ ਰਹੇ ਹਨ, ਜੋ ਪੰਜਾਬ ਤੋਂ ਲੈ ਕੇ ਕੇਂਦਰ ਸਰਕਾਰ ਤੱਕ ਮੰਤਰੀ ਰਹੇ। ਉਥੇ ਹੀ ਸੰਤੋਖ ਸਿੰਘ ਚੌਧਰੀ ਦੇ ਵੱਡੇ ਭਰਾ ਜਗਜੀਤ ਸਿੰਘ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ ਸਨ ਅਤੇ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਰੂਪ 'ਚ ਵੱਡੇ ਅਨੁਸੂਚਿਤ ਜਾਤੀ ਦੇ ਚਿਹਰੇ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਸਨ।