ਕੈਬਨਿਟ ਮੰਤਰੀ ਜਿੰਪਾ ਨੇ ਪਿੰਡ ਬੂਥਗੜ੍ਹ ’ਚ 82 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੀ ਕਰਵਾਈ ਸ਼ੁਰੂਆਤ

  • ਕਿਹਾ, ਪੰਜਾਬ ਸਰਕਾਰ ਪਿੰਡਾਂ ’ਚ ਸ਼ਹਿਰਾਂ ਦੀ ਤਰਜ਼ ’ਤੇ ਮੁਹੱਈਆ ਕਰਵਾ ਰਹੀ ਹੈ ਹਰ ਜ਼ਰੂਰੀ ਸੁਵਿਧਾ

ਹੁਸ਼ਿਆਰਪੁਰ, 7 ਜੂਨ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹਿਰਾਂ ਦੀ ਤਰਜ਼ ’ਤੇ ਪਿੰਡਾਂ ਵਿੱਚ ਹਰ ਜ਼ਰੂਰੀ ਸੁਵਿਧਾ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੀ ਹਰ ਸਮੱਸਿਆ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਹੈ। ਉਹ ਪਿੰਡ ਬੂਥਗੜ੍ਹ ਵਿੱਚ 81.39 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਣ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਹੁਸ਼ਿਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਉਕਤ ਵਿਕਾਸ ਰਾਸ਼ੀ ਵਿਚੋਂ ਪੀਣ ਵਾਲੇ ਪਾਣੀ ’ਤੇ 3.10 ਲੱਖ ਰੁਪਏ, ਗਲੀਆਂ ਨਾਲੀਆਂ ਅਤੇ ਨਾਲਿਆਂ ’ਤੇ 2.06 ਲੱਖ ਰੁਪਏ, ਗੰਦੇ ਪਾਣੀ ਦੀ ਨਿਕਾਸੀ ਲਈ 8.23 ਲੱਖ ਰੁਪਏ, ਪਾਣੀ ਦੀ ਟੈਂਕੀ ਲਈ 68 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਪਾਣੀ ਦੀ ਟੈਂਕੀ ਬਣਾਉਣ ਦੀ ਲੰਬੇ ਸਮੇਂ ਤੋਂ ਪਿੰਡ ਵਾਸੀਆਂ ਵਲੋਂ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਪਹਿਲ ਦੇ ਆਧਾਰ ’ਤੇ ਸ਼ੁਰੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲ ਸਪਲਾਈ ਵਿਭਾਗ ਵਲੋਂ ਪੂਰੇ ਸੂਬੇ ਵਿੱਚ ਲੋਕਾਂ ਦੇ ਘਰਾਂ ਤੱਕ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਖੇਤਰ ਹੁਸ਼ਿਆਰਪੁਰ ਵਿੱਚ ਸਿਰਫ ਇਕ ਸਾਲ ਵਿੱਚ 31 ਟਿਊਬਵੈਲ ਉਸਾਰੀ ਅਧੀਨ ਹਨ। ਇਸ ਮੌਕੇ ਐਕਸੀਅਨ ਸਿਮਰਨਜੀਤ ਸਿੰਘ, ਏ.ਈ ਹਰਵਿੰਦਰ ਸੈਣੀ, ਬੀ.ਡੀ.ਪੀ.ਓ ਸੁਖਜਿੰਦਰ ਸਿੰਘ, ਸਰਪੰਚ ਸਰੋਜ ਬੈਂਸ, ਬਿੰਦੂ ਸ਼ਰਮਾ, ਅਸ਼ੋਕ ਪਹਿਲਵਾਨ, ਮੰਗਤ ਰਾਮ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।