ਕੈਬਨਿਟ ਮੰਤਰੀ ਜਿੰਪਾ ਨੇ ਅੰਤਰਰਾਸ਼ਟਰੀ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਣ ਵਾਲੇ ਰਵਿੰਦਰ ਪਾਲ ਸਿੰਘ ਨੂੰ ਕੀਤਾ ਸਨਮਾਨਿਤ

ਹੁਸ਼ਿਆਰਪੁਰ, 8 ਅਗਸਤ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ 100 ਪਰਸੈਂਟ ਰਾਅ ਵਰਲਡ ਪਾਵਰ ਲਿਫਟਿੰਗ ਫੈਡਰੇਸ਼ਨ ਵੱਲੋਂ ਬੀਤੇ ਦਿਨੀਂ ਕਰਨਾਲ (ਹਰਿਆਣਾ) ਵਿਖੇ ਕਰਵਾਈ ਅੰਤਰਰਾਸ਼ਟਰੀ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿਚ 50 ਕਿਲੋ ਵਰਗ ਵਿਚ 120 ਕਿਲੋ ਦੀ ਬੈਂਚ ਪ੍ਰੈਸ ਲਗਾ ਕੇ ਸੋਨ ਤਗਮਾ ਜਿੱਤ ਕੇ ਵਿਸ਼ਵ ਰਿਕਾਰਡ ਬਣਾਉਣ ਵਾਲੇ ਹੁਸ਼ਿਆਰਪੁਰ ਦੇ ਪਾਵਰਲਿਫਟਰ ਰਵਿੰਦਰ ਪਾਲ ਸਿੰਘ ਨੂੰ ਸਨਮਾਨਿਤ ਕੀਤਾ। ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਰਵਿੰਦਰ ਪਾਲ ਵਰਗੇ ਨੌਜਵਾਨਾਂ ’ਤੇ ਮਾਣ ਹੈ। ਉਨ੍ਹਾਂ ਕਿਹਾ ਉਸ ਨੇ ਆਪਣੀਆਂ ਵਿਲੱਖਣ ਪ੍ਰਾਪਤੀਆਂ ਨਾਲ ਜਿਥੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ, ਉਥੇ ਹੁਸ਼ਿਆਰਪੁਰ ਨੂੰ ਵੀ ਅੰਤਰਰਾਸ਼ਟਰੀ ਪੱਧਰ ’ਤੇ ਪਹਿਚਾਣ ਦਿਵਾਈ ਹੈ।  ਉਨ੍ਹਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਦਿਵਿਆਂਗ ਹੋਣ ਦੇ ਬਾਵਜੂਦ 42 ਸਾਲਾ ਇਸ ਨੌਜਵਾਨ ਨੇ ਨਾਰਮਲ ਨੌਜਵਾਨਾਂ ਨੂੰ ਹਰਾ ਕੇ ਇਹ ਖਿਤਾਬ ਜਿੱਤਿਆ ਹੈ। ਮਾਡਲ ਕਲੋਨੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਰਵਿੰਦਰ ਪਾਲ ਸਿੰਘ ਨੇ ਇਸ ਮੌਕੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਹੁਣ ਤੱਕ ਵੱਖ-ਵੱਖ ਮੁਕਾਬਲਿਆਂ ਵਿਚ 16 ਸੋਨ ਤਗਮੇ ਹੁਸ਼ਿਆਰਪੁਰ ਵਾਸੀਆਂ ਦੀ ਝੋਲੀ ਪਾ ਚੁੱਕਾ ਹੈ, ਜਿਨ੍ਹਾਂ ਵਿਚ ਇਕ ਅੰਤਰਰਾਸ਼ਟਰੀ ਅਤੇ 4 ਰਾਸ਼ਟਰੀ ਸੋਨ ਤਗਮੇ ਸ਼ਾਮਿਲ ਹਨ। ਇਸ ਤੋਂ ਇਲਾਵਾ ਉਸਨੂੰ ਸਟਰੌਂਗ ਮੈਨ ਆਫ ਇੰਡੀਆ ਅਤੇ ਸਟਰੌਂਗ ਮੈਨ ਆਫ ਪੰਜਾਬ ਦੇ ਖਿਤਾਬ ਵੀ ਜਿੱਤ ਚੁੱਕਿਆ ਹੈ। ਉਸ ਨੇ ਦੱਸਿਆ ਕਿ ਉਹ ਆਪਣ ਟ੍ਰੇਨਰ ਅਵਤਾਰ ਅਤੇ ਰੋਹਿਤ ਸਦਕਾ ਇਸ ਮੁਕਾਮ ’ਤੇ ਪਹੁੰਚਿਆ ਹੈ। ਉਸ ਨੇ ਕਿਹਾ ਕਿ ਇਨ੍ਹਾਂ ਪ੍ਰਾਪਤੀਆਂ ਲਈ ਉਸ ਦੇ ਪਰਿਵਾਰ ਨੇ ਉਸ ਦਾ ਪੂਰਾ ਸਾਥ ਦਿੱਤਾ ਹੈ, ਜਿਸ ਵਿਚ ਪਿਤਾ ਬਲਵਿੰਦਰ ਸਿੰਘ, ਮਾਤਾ ਸੁਰਜੀਤ ਕੌਰ, ਪਤਨੀ ਰਾਜਵਿੰਦਰ ਕੌਰ ਅਤੇ ਬੇਟਾ-ਬੇਟੀ ਸ਼ਾਮਿਲ ਹਨ। ਉਸ ਨੇ ਦੱਸਿਆ ਕਿ ਇਸੇ ਮਹੀਨੇ ਅਮਰੀਕਾ ਵਿਖੇ ਹੋਣ ਵਾਲੀ ਅੰਤਰਰਾਸ਼ਟਰੀ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿਚ ਵੀ ਉਸ ਦੀ ਚੋਣ ਹੋਈ ਹੈ। ਇਸ ਮੌਕੇ ਸਤਵੰਤ ਸਿੰਘ ਸਿਆਣ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।