ਕੈਬਨਿਟ ਮੰਤਰੀ ਜਿੰਪਾ ਨੇ ਨਵੀਨੀਕਰਨ ਕੀਤੇ ਗਏ ਸਰਕਾਰੀ ਕਾਲਜ ਦੇ ਈ-ਬਲਾਕ ਦਾ ਕੀਤਾ ਉਦਘਾਟਨ

  • 1 ਕਰੋੜ 31 ਲੱਖ ਰੁਪਏ ਦੀ ਲਾਗਤ ਨਾਲ ਬਲਾਕ ਦਾ ਕੀਤਾ ਗਿਆ ਨਵੀਨੀਕਰਨ

ਹੁਸ਼ਿਆਰਪੁਰ, 9 ਜੁਲਾਈ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਨਵੀਨੀਕਰਨ ਕੀਤੀ ਗਈ ਸਰਕਾਰੀ ਕਾਲਜ ਹੁਸ਼ਿਆਰਪੁਰ ਦੀ ਇਮਾਰਤ ਦੇ ਈ-ਬਲਾਕ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ 1 ਕਰੋੜ 31 ਲੱਖ ਰੁਪਏ ਦੀ ਲਾਗਤ ਨਾਲ ਇਸ ਬਲਾਕ ਦੇ ਨਵੀਨੀਕਰਨ ਦਾ ਕੰਮ ਕੀਤਾ ਗਿਆ ਹੈ, ਜਿਸ ਵਿਚ ਪੂਰੀ ਇਮਾਰਤ ਨੂੰ ਪੇਂਟ, ਨਵਾਂ ਫਰਸ਼, ਟਾਈਲ ਵਰਕ, ਖਿੜਕੀਆਂ, ਦਰਵਾਜੇ ਲਗਾਉਣ ਤੋਂ ਇਲਾਵਾ ਪੂਰੇ ਬਲਾਕ ਨੂੰ ਆਧੁਨਿਕ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਬਲਾਕ ਦੀ ਹਾਲਤ ਜ਼ਿਆਦਾ ਚੰਗੀ ਨਹੀਂ ਸੀ ਅਤੇ ਇਸ ਦੀ ਮੁਰੰਮਤ ਦੀ ਜ਼ਰੂਰਤ ਸੀ। ਇਸ ਲਈ ਇਸ ਪੂਰੇ ਬਲਾਕ ਦਾ ਨਵੀਨੀਕਰਨ ਕਰਕੇ ਇਸ ਨੂੰ ਆਧੁਨਿਕ ਰੂਪ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਚ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਪੂਰੇ ਉਪਰਾਲੇ ਕਰ ਰਹੀ ਹੈ, ਜਿਸ ਲਈ ਜਿਥੇ ਸਰਕਾਰੀ ਕਾਲਜਾਂ ਵਿਚ ਪ੍ਰੋਫੈਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ, ਉਥੇ ਬੁਨਿਆਦੀ ਢਾਂਚੇ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜ ਹੁਸ਼ਿਆਰਪੁਰ ਅਮੀਰ ਵਿਰਾਸਤ ਦੀ ਪਹਿਚਾਣ ਹੈ, ਜਿਥੇ ਪੜ੍ਹ ਕੇ ਵਿਦਿਆਰਥੀਆਂ ਨੇ ਪੂਰੇ ਵਿਸ਼ਵ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਪ੍ਰਿੰਸੀਪਲ ਜੋਗੇਸ਼, ਸਤਵੰਤ ਸਿੰਘ ਸਿਆਣ, ਐਕਸੀਅਨ ਰਾਜੀਵ ਸੈਣੀ, ਐਸ.ਡੀ.ਓ ਗੁਰਮੀਤ ਸਿੰਘ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ਼ ਮੌਜੂਦ ਸੀ।