ਕੈਬਨਿਟ ਮੰਤਰੀ ਜਿੰਪਾ ਨੇ ਮਾਡਲ ਟਾਊਨ ’ਚ ਬਣੇ ਡੰਪ ਨੂੰ ਹਟਾ ਕੇ ਲੋਕਾਂ ਨੂੰ ਦਿਵਾਈ ਵੱਡੀ ਰਾਹਤ

  • ਵਾਰਡ ਨੰਬਰ 45 ਮਾਡਲ ਟਾਊਨ ’ਚ 4.61 ਲੱਖ ਰੁਪਏ ਦੀ ਲਾਗਤ ਨਾਲ ਗਲੀ ਦੇ ਨਿਰਮਾਣ ਕਾਰਜ ਦੀ ਵੀ ਕਰਵਾਈ ਸ਼ੁਰੂਆਤ

ਹੁਸ਼ਿਆਰਪੁਰ, 4 ਸਤੰਬਰ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਵਾਰਡ ਨੰਬਰ 45 ਦੇ ਮਾਡਲ ਟਾਊਨ ’ਚ ਭਗਵਾਨ ਸ਼੍ਰੀ ਰਾਮ ਮੰਦਰ ਦੇ ਨੇੜੇ 4.61 ਲੱਖ ਰੁਪਏ ਦੀ ਲਾਗਤ ਨਾਲ ਗਲੀ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਕੇ ਵਾਰਡ ਵਾਸੀਆਂ ਨੂੰ ਨਵੀਂ ਸੁਵਿਧਾ ਪ੍ਰਦਾਨ ਕੀਤੀ ਹੈ, ਉਥੇ ਮਾਡਲ ਟਾਊਨ ਵਿਚ ਬਣੇ ਕੂੜੇ ਦੇ ਡੰਪ ਨੂੰ ਹਟਾ ਕੇ ਸਥਾਨਕ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸਾਲਾਂ ਤੋਂ ਵਾਰਡ ਨਿਵਾਸੀ ਇਥੇ ਡੰਪ ਹਟਾਉਣ ਦੀ ਗੱਲ ਕਰ ਰਹੇ ਸਨ, ਜਿਸ ਨੂੰ ਅੱਜ ਪੂਰਾ ਕਰ ਦਿੱਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਕੌਂਸਲਰ ਕੁਲਵਿੰਦਰ ਕੌਰ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਨੂੰ ਸਾਫ਼-ਸੁਥਰਾ ਅਤੇ ਵਿਕਸਿਤ ਬਣਾਉਣਾ ਚਾਹੁੰਦੇ ਹਨ ਅਤੇ ਪੰਜਾਬ ਦੀ ਪੂਰੀ ਕੈਬਨਿਟ ਇਸੇ ਦਿਸ਼ਾ ਵਿਚ ਦਿਨ-ਰਾਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਡੰਪ ਵਾਰਡ ਨੰਬਰ 45 ਦੇ ਮਾਡਲ ਟਾਊਨ ਵਿਚ ਭਗਵਾਨ ਸ਼੍ਰੀ ਰਾਮ ਮੰਦਰ ਅਤੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਦੇ ਨੇੜੇ ਬਣਿਆ ਹੋਇਆ ਸੀ ਅਤੇ ਇਨ੍ਹਾਂ ਧਾਰਮਿਕ ਸਥਾਨਾਂ ’ਤੇ ਆਉਣ ਵਾਲੀ ਸੰਗਤ ਤੋਂ ਇਲਾਵਾ ਇਹ ਡੰਪ ਇਲਾਕੇ ਦੇ ਲੋਕਾਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਸੀ ਅਤੇ ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਸ ਡੰਪ ਨੂੰ ਹਟਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਕ੍ਰਿਸ਼ਨਾ ਨਗਰ ਵਿਚ ਬਣੇ ਡੰਪ ਨੂੰ ਹਟਵਾਇਆ ਸੀ ਅਤੇ ਆਉਣ ਵਾਲੇ ਸਮੇਂ ਵਿਚ ਰਿਹਾਇਸ਼ੀ ਇਲਾਕਿਆਂ ਵਿਚ ਬਣੇ ਡੰਪਾਂ ਨੂੰ ਹਟਵਾਇਆ ਜਾਵੇਗਾ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਸੇ ਤਰ੍ਹਾਂ ਇਲਾਕਾ ਨਿਵਾਸੀਆਂ ਦੀ ਮੰਗ ’ਤੇ ਗਲੀ ਦਾ ਨਿਰਮਾਣ ਕਾਰਜ ਵੀ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਜਲਦ ਹੀ ਨਿਰਮਾਣ ਕਾਰਜ ਪੂਰਾ ਕਰ ਦਿੱਤਾ ਜਾਵੇਗਾ। ਇਸ ਮੌਕੇ ਸਤਵੰਤ ਸਿੰਘ ਸਿਆਣ, ਕੌਂਸਲਰ ਪ੍ਰਦੀਪ ਬਿੱਟੂ, ਮੁਖੀ ਰਾਮ, ਐਕਸੀਅਨ ਹਰਪ੍ਰੀਤ ਸਿੰਘ, ਐਕਸੀਅਨ ਕੁਲਦੀਪ ਸਿੰਘ, ਅਮਰਜੋਤ ਸੈਣੀ, ਸੁਮੇਸ਼ ਸੋਨੀ, ਵਰਿੰਦਰ ਵੈਦ, ਅਵਤਾਰ ਸਿੰਘ ਕਪੂਰ, ਆਗਿਆਪਾਲ ਸਿੰਘ ਸਾਹਨੀ, ਬਹਾਦਰ ਸਿੰਘ ਸੁਨੇਤ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।