ਕੈਬਨਿਟ ਮੰਤਰੀ ਜਿੰਪਾ ਨੇ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ ਦੀ ਦਿੱਤੀ ਵਧਾਈ 

  • ਨਵੇਂ ਸਾਲ 'ਤੇ ਸੂਬੇ ਨੂੰ ਸਾਫ਼-ਸੁਥਰਾ ਰੱਖਣ ਦਾ ਸਾਰੇ ਲੋਕ ਲੈਣ ਸੰਕਲਪ : ਬ੍ਰਮ ਸ਼ੰਕਰ ਜਿੰਪਾ
  • ਦੁਕਾਨਦਾਰਾਂ ਨੂੰ ਚਾਈਨਾ ਡੋਰ ਨਾ ਵੇਚਣ ਦੀ ਕੀਤੀ ਅਪੀਲ
  • ਭਗਵਾਨ ਪਰਸ਼ੂਰਾਮ ਪਾਰਕ, ​​ਗੌਤਮ ਨਗਰ ਵਿਖੇ ਮੌਰਨਿੰਗ ਵਾਕ ਪਾਜ਼ਿਟਿਵ ਫੈਮਿਲੀ ਮੈਂਬਰਾਂ ਨਾਲ ਸਵੇਰ ਦੀ ਕੀਤੀ ਸੈਰ ਅਤੇ ਯੋਗਾ

ਹੁਸ਼ਿਆਰਪੁਰ, 31 ਦਸੰਬਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਨਵੇਂ ਸਾਲ 'ਤੇ ਸੂਬੇ ਦੇ ਸਮੂਹ ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਦਾ ਸੰਕਲਪ ਲੈਣਾ ਚਾਹੀਦਾ ਹੈ। ਉਹ ਅੱਜ ਭਗਵਾਨ ਪਰਸ਼ੂਰਾਮ ਪਾਰਕ, ​​ਗੌਤਮ ਨਗਰ ਵਿਖੇ ਮੌਰਨਿੰਗ ਵਾਕ ਪਾਜ਼ੀਟਿਵ ਫੈਮਿਲੀ ਦੇ ਮੈਂਬਰਾਂ ਨਾਲ ਸੈਰ ਅਤੇ ਯੋਗਾ ਕਰਦਿਆਂ ਆਪਣੇ ਵਿਚਾਰ ਪ੍ਰਗਟ ਕਰ ਰਹੇ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਹੁਸ਼ਿਆਰਪੁਰ ਵਾਸੀਆਂ ਨੂੰ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਵਿਚ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਕੁਦਰਤ ਦੀ ਗੋਦ ਵਿਚ ਵਸੇ ਇਸ ਸ਼ਹਿਰ ਨੂੰ ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਅਤੇ ਸੁੰਦਰ ਸ਼ਹਿਰਾਂ ਦੀ ਸ਼੍ਰੇਣੀ ਵਿਚ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਜਲਦੀ ਹੀ ਸ਼ਹਿਰ ਨੂੰ ਡੰਪ ਮੁਕਤ ਐਲਾਨਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਦੁਕਾਨਦਾਰਾਂ ਨੂੰ ਚਾਈਨਾ ਡੋਰ ਨਾ ਵੇਚਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਇਕ ਖਤਰਨਾਕ ਡੋਰ ਹੈ ਜੋ ਕਿ ਪਸ਼ੂਆਂ ਅਤੇ ਪੰਛੀਆਂ ਦੇ ਨਾਲ-ਨਾਲ ਮਨੁੱਖੀ ਜੀਵਨ ਲਈ ਵੀ ਖ਼ਤਰਾ ਹੈ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਮਹਿਜ਼ ਡੇਢ ਸਾਲ ਦੇ ਕਾਰਜਕਾਲ ਵਿਚ 42 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਪੱਕੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਹਨ, ਜਿਸ ਕਾਰਨ ਸਾਡੇ ਨੌਜਵਾਨ ਜੋ ਵਿਦੇਸ਼ਾਂ ਵਿਚ ਰੋਜ਼ਗਾਰ ਲਈ ਜਾ ਰਹੇ ਸਨ, ਹੁਣ ਆਪਣੇ ਸੂਬੇ ਵਿਚ ਨੌਕਰੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਜਿਹੇ ਨੌਜਵਾਨ ਨੌਕਰੀਆਂ ਲੱਗੇ ਹਨ, ਜੋ ਵਿਦੇਸ਼ਾਂ ਵਿਚ ਪੱਕੇ ਤੌਰ ’ਤੇ ਸੈਟਲ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਅਤੇ ਨੌਜਵਾਨਾਂ ਨੂੰ ਅਜਿਹਾ ਮਾਹੌਲ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਹ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇ ਸਕਣ। ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਪਰਸ਼ੂਰਾਮ ਪਾਰਕ ਗੌਤਮ ਨਗਰ ਦੀ ਸੁਚੱਜੀ ਸੰਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਕ ਵਿਚ ਹਰੇਕ ਵਰਗ ਦੇ ਲੋਕ ਰੋਜ਼ਾਨਾ ਸੈਰ ਕਰ ਰਹੇ ਹਨ, ਇਸ ਤੋਂ ਇਲਾਵਾ ‘ਸੀ.ਐਮ ਦੀ ਯੋਗਸ਼ਾਲਾ' ਮੁਹਿੰਮ ਤਹਿਤ ਲੋਕਾਂ ਨੂੰ ਮੁਫ਼ਤ ਵਿਚ ਯੋਗਾ ਸਿਖਾਇਆ ਜਾ ਰਿਹਾ ਹੈ। ਇਸ ਮੌਕੇ ਡਾ. ਗੁਰਦੀਪ ਸ਼ਰਮਾ, ਅਸ਼ੋਕ ਸ਼ਰਮਾ, ਵਰਿੰਦਰ ਵੈਦ, ਰਜਿੰਦਰ ਮਲਹੋਤਰਾ, ਰਾਕੇਸ਼ ਸਾਹਨੀ, ਗੋਬਿੰਦ ਜਸਵਾਲ, ਵਿਨੈ ਸੇਠੀ, ਸੁਮੇਸ਼ ਸੋਨੀ, ਬਲਕਾਰ ਸਿੰਘ, ਮੁਰਲੀ ​​ਮਨੋਹਰ, ਮਨੋਜ ਗੌੜ, ਨਰੇਸ਼ ਕੁਮਾਰ ਸਾਬਾ, ਰਵਿੰਦਰ ਕੁਮਾਰ, ਕੁਲਦੀਪ ਗੁਪਤਾ, ਲਵਨੀਸ਼ ਗੁਪਤਾ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।