ਮੁਕੇਰੀਆਂ 'ਚ ਬੱਸ ਦੀ ਮੋਟਰਸਾਈਕਲ ਨਾਲ ਹੋਈ ਟੱਕਰ, 2 ਦੀ ਮੌਤ 

ਮੁਕੇਰੀਆਂ, 24 ਨਵੰਬਰ : ਮੁਕੇਰੀਆਂ ਨੇੜੇ ਬੀਤੀ ਰਾਤ ਬੱਸ ਦੀ ਚਪੇਟ ਵਿਚ ਆਉਣ ਨਾਲ 2 ਮੋਟਰਸਾਈਕਲ ਸਵਾਰ ਦੋਸਤਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਕਟੜਾ ਤੋਂ ਦਿੱਲੀ ਜਾ ਰਹੀ ਬੱਸ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ ਤੇ ਦੋਵਾਂ ਦੀ ਮੌਤ ਹੋ ਗਈ ਤੇ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਦੋਂਕਿ ਬਾਅਦ ਵਿਚ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਪੂਰੇ ਮਾਮਲੇ ਬਾਰੇ ਦੱਸਦਿਆਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਮੋਹਿਤ (26) ਵਾਸੀ ਮੁਸਾਹਿਬਪੁਰ ਥਾਣਾ ਮੁਕੇਰੀਆਂ ਤੇ ਉਸ ਦੇ ਦੋਸਤ ਸੂਰਜ (22) ਵਾਸੀ ਵਾਰਡ ਨੰ. 11, ਨਹਿਰ ਕਾਲੋਨੀ ਮੁਕੇਰੀਆਂ ਵਜੋਂ ਹੋਈ ਹੈ। ਮੋਹਿਤ ਮੁਕੇਰੀਆਂ ਜੋ ਪੇਪਰ ਮਿੱਲ ਦੇ ਨਜ਼ਦੀਕ ਕਿਸੇ ਟਰਾਂਸਪੋਰਟ ’ਚ ਅਕਾਊਂਟੈਂਟ ਸੀ ਤੇ ਉਹ ਆਪਣਾ ਖਤਮ ਕਰਕੇ ਆਪਣੇ ਦੋਸਤ ਸੂਰਜ ਨਾਲ ਘਰ ਲਈ ਨਿਕਲੇ ਸਨ ਕਿ ਰਸਤੇ ਵਿਚ ਬੱਸ ਦੀ ਚਪੇਟ ਵਿਚ ਆਉਣ ਨਾਲ ਦੋਵਾਂ ਦੀ ਜਾਨ ਚਲੀ ਗਈ। ਮ੍ਰਿਤਕ ਸੂਰਜ ਦੇ ਭਰਾ ਨਰੇਸ਼ ਨੇ ਦੱਸਿਆ ਕਿ ਉਸ ਦੇ ਭਰਾ ਨੇ ਵਿਦੇਸ਼ ’ਚ ਪੜ੍ਹਾਈ ਕਰਨ ਲਈ ਜਾਣਾ ਸੀ ਜਦੋਂ ਕਿ ਮੋਹਿਤ ਦੇ ਮਾਤਾ ਪਿਤਾ ਦੀ 15 ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਉਹ ਆਪਣੇ ਚਾਚਾ ਪ੍ਰਮੋਦ ਕੁਮਾਰ ਕੋਲ ਰਹਿ ਰਿਹਾ ਸੀ। ਮੋਹਿਤ ਆਪਣੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਸੀ ।