ਅਵਾਰਾ ਪਸ਼ੂ ਤੋਂ ਬਚਾਅ ਕਰਦੇ ਭੈਣ -ਭਰਾ ਮੋਟਰਸਾਈਕਲ ਸਮੇਤ ਨਹਿਰ 'ਚ ਡਿੱਗੇ, ਭੈਣ ਦੀ ਮੌਤ

ਮੁਕੇਰੀਆਂ, 15 ਜੂਨ : ਮੁਕੇਰੀਆਂ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕੇ ਭੈਣ-ਭਰਾ ਆਵਾਰਾ ਪਸ਼ੂਆਂ ਦੀ ਟੱਕਰ ਕਾਰਨ ਨਹਿਰ 'ਚ ਡਿਗ ਗਏ। 19 ਸਾਲ ਦੀ ਨਿਤਿਕਾ ਦਾ ਵਿਆਹ ਮਹਿਜ਼ ਇੱਕ ਮਹੀਨਾ ਪਹਿਲਾਂ ਹੀ ਹੋਇਆ ਸੀ। ਭੈਣ-ਭਰਾ ਦਵਾਈ ਲੈ ਕੇ ਪਿੰਡ ਸਿੰਗੋਵਾਲ ਨੂੰ ਪਰਤ ਰਹੇ ਸਨ ਕਿ ਨਹਿਰ 'ਤੇ ਆਵਾਰਾ ਪਸ਼ੂਆਂ ਦੇ ਆਪਸ 'ਚ ਲੜਨ ਤੇ ਵੱਜੇ ਧੱਕੇ ਨਾਲ ਮੁਕੇਰੀਆਂ ਨਹਿਰ 'ਚ ਡਿਗ ਪਏ। ਭਰਾ ਰਮਨ ਕੁਮਾਰ (22) ਗੰਭੀਰ ਜ਼ਖ਼ਮੀ ਦੱਸਿਆ ਜਾ ਰਿਹਾ ਹੈ ਜੋ ਕਿ ਮੁਕੇਰੀਆਂ ਦੇ ਹਸਪਤਾਲ ਵਿੱਚ ਜੇਰੇ ਇਲਾਜ ਹੈ। ਨੀਤਿਕਾ ਦੀ ਆਪਣੇ ਸਹੁਰੇ ਪਿੰਡ ਤੋਂ ਦਵਾਈ ਲੈ ਕੇ ਘਰ ਪਰਤਦੇ ਸਮੇਂ ਆਵਾਰਾ ਪਸ਼ੂਆਂ ਕਾਰਨ ਕੰਡੀ ਕਨਾਲ ਨਹਿਰ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਹਨੇਰਾ ਹੋਣ ਕਾਰਨ ਜਦੋਂ ਰਮਨ ਕੁਮਾਰ ਨੂੰ ਆਪਣੀ ਭੈਣ ਕਿਧਰੇ ਨਜ਼ਰ ਨਹੀਂ ਆਈ ਤਾਂ ਉਸ ਨੇ ਰੌਲਾ ਪਾਇਆ ਤਾਂ ਆਲੇ ਦੁਆਲੇ ਜਾਂਦੇ ਰਾਹਗੀਰ ਉਸਦਾ ਰੌਲਾ ਸੁਣ ਰੁਕੇ ਤਾਂ ਰਮਨ ਕੁਮਾਰ ਨੇ ਆਪਣੀ ਭੈਣ ਦੇ ਨਹਿਰ ਵਿਚ ਡੁੱਬਣ ਵਾਰੇ ਦਸਿਆ। ਰਾਹਗੀਰਾਂ ਦੀ ਮਦਦ ਨਾਲ ਰਮਨ ਕੁਮਾਰ ਆਪਣੀ ਭੈਣ ਨੀਤਿਕਾ ਨੂੰ ਲੱਭਣ ਦੀ ਕੋਸ਼ਿਸ਼ ਕਰਨ ਲੱਗਾ। ਕਾਫੀ ਦੇਰ ਤੱਕ ਲੱਭਦੇ ਲੱਭਦੇ ਜਦੋਂ ਸਾਰੇ ਜਣੇ ਪਿੰਡ ਸੀਪਰਿਆਂ ਦੇ ਪੁਲ ਕੋਲ ਪਹੁੰਚੇ ਤਾਂ ਸਾਰਿਆਂ ਨੂੰ ਪਾਣੀ ਤੇ ਤੈਰਦੀ ਲਾਸ਼ ਨਜ਼ਰ ਆਈ। ਜਦੋਂ ਉਸ ਲਾਸ਼ ਨੂੰ ਬਾਹਰ ਕੱਢਿਆ ਤਾਂ ਉਹ ਲਾਸ਼ ਨੀਤਿਕਾ ਦੀ ਸੀ। ਇਸ  ਸੂਚਨਾ ਮ੍ਰਿਤਕਾ ਦੇ ਭਰਾ ਨੇ ਥਾਣਾ ਹਾਜੀਪੁਰ ਵਿੱਚ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਪਹੁੰਚਾ ਦਿੱਤਾ ਗਿਆ ਜਿੱਥੇ ਮ੍ਰਿਤਕ ਦਾ ਪੋਸਟਮਾਰਟਮ ਕਰ ਲਾਸ਼ ਪਰਿਵਾਰ ਨੂੰ ਅੱਜ ਬਾਅਦ ਦੁਪਹਿਰ ਦੇ ਦਿੱਤੀ ਗਈ।