ਬੀਬੀ ਜਗੀਰ ਕੌਰ ਨੇ ਨਿਸ਼ਾਨ ਸਾਹਿਬ ਦੇ ਰੰਗ ਬਸੰਤੀ ਕਰਨ ਦੇ ਫੈਸਲੇ ਦਾ ਕੀਤਾ ਸਮਰੱਥਨ 

ਜਲੰਧਰ, 11 ਅਗਸਤ, 2024 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਸਮੇਤ ਹੋਰ ਇਤਿਹਾਸਕ ਅਸਥਾਨਾਂ `ਤੇ ਨਿਸ਼ਾਨ ਸਾਹਿਬ ਦੇ ਰੰਗ ਬਸੰਤੀ ਕਰਨ ਦੇ ਫੈਸਲੇ ਦਾ ਪੁਰਜ਼ੋਰ ਸਮਰੱਥਨ ਕੀਤਾ ਹੈ। ਉਨ੍ਹਾਂ ਇੱਥੋਂ ਜਾਰੀ ਕੀਤੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਬਸੰਤੀ ਜਾਂ ਸੁਰਮਈ (ਨੀਲਾ ) ਕਰਨ ਦੇ ਸਿੰਘ ਸਾਹਿਬਾਨਾਂ ਦਾ ਫੈਸਲਾ ਸਿੱਖ ਰਹਿਤ ਮਰਿਆਦਾ ਅਨੁਸਾਰ ਆਇਆ ਹੈ। ਉਨ੍ਹਾਂ ਕਿਹਾ ਕਿ ਸਿੱਖ ਰਹਿਤ ਮਰਿਆਦਾ ਲਾਗੂ ਹੋਣ ਦਾ ਪੰਥਕ ਹਲਕਿਆਂ ਵਿੱਚ ਜ਼ੋਰਦਾਰ ਸਵਾਗਤ ਕੀਤਾ ਜਾ ਰਿਹਾ ਹੈ ਤੇ ਦੁਨੀਆਂ ਭਰ ਵਿੱਚ ਵੱਸਦੀ ਸਿੱਖ ਕੌਮ ਵਿੱਚ ਇਹ ਬਹੁਤ ਹੀ ਸਪੱਸ਼ਟ ਸੰਦੇਸ਼ ਗਿਆ ਹੈ। ਉਹਨਾਂ ਕਿਹਾ ਕਿ ਇਸ ਫੈਸਲੇ ਨਾਲ ਸਿੱਖਾਂ ਦੀ ਵਿਲੱਖਣ ਧਾਰਮਿਕ ਪਛਾਣ ਬਾਰੇ ਵੀ ਸਪਸ਼ਟ ਸੰਦੇਸ਼ ਗਿਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਹਾਲਾਂਕਿ ਦੁਨੀਆਂ ਭਰ ਵਿੱਚ ਵੱਸਦੀ ਸਿੱਖ ਕੌਮ ਨੇ ਇਸ ਫੈਸਲੇ ਨੂੰ ਬਹੁਤ ਚੰਗਾ ਹੁੰਗਾਰਾ ਦਿੱਤਾ ਹੈ ਪਰ ਫਿਰ ਵੀ ਕੁਝ ਤਾਕਤਾਂ ਜਿਹੜੀਆਂ ਹਮੇਸ਼ਾ ਪੰਥ ਪ੍ਰਵਾਨਤ ਰਹਿਤ ਮਰਿਆਦਾ ਬਾਰੇ ਸ਼ੰਕੇ ਤੇ ਵਿਵਾਦ ਖੜੇ ਕਰਦੀਆਂ ਰਹੀਆਂ ਨੇ, ਉਹ ਇਸ ਇਤਿਹਾਸਕ ਫੈਸਲੇ ਦੇ ਉਲਟ ਇੱਕ ਵਾਰ ਫਿਰ ਸਰਗਰਮ ਹੋ ਗਈਆਂ ਨੇ। ਦੁੱਖ ਦੀ ਗੱਲ ਇਹ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਇਹਨਾਂ ਤਾਕਤਾਂ ਦੀ ਸ਼੍ਰੋਮਣੀ ਕਮੇਟੀ ਦੇ ਕੰਮ ਕਾਜ ਵਿੱਚ ਦਖਲ ਅੰਦਾਜ਼ੀ ਕਾਫੀ ਵਧੀ ਹੈ ਤੇ ਉਸਦਾ ਸੰਸਥਾ ਨੂੰ ਤੇ ਸਿੱਖ ਕੌਮ ਨੂੰ ਭਾਰੀ ਨੁਕਸਾਨ ਵੀ ਝੱਲਣਾ ਪਿਆ ਹੈ। ਉਹਨਾਂ ਕਿਹਾ ਕਿ ਸਾਰੀ ਕੌਮ ਨੂੰ ਸਪਸ਼ਟ ਹੋ ਜਾਏਗਾ ਕਿ ਕੁਝ ਤੱਤ ਇਸ ਮਾਮਲੇ ਤੇ ਕੌਮ ਨੂੰ ਉਲਝਾਉਣਾ ਚਾਹੁੰਦੇ ਨੇ ਤਾਂ ਕਿ ਪੰਥ ਵਿੱਚ ਦੁਬਿਧਾ ਬਣੀ ਰਹੇ ਤੇ ਕੌਮ ਇਕੱਠੀ ਨਾ ਹੋ ਸਕੇ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਜਗਤ ਨੂੰ ਆਉਣ ਵਾਲੇ ਸਮੇਂ ਵਿੱਚ ਇਹ ਵੀ ਸਪਸ਼ਟ ਹੋ ਜਾਵੇਗਾ ਕਿ ਇਹ ਤਾਕਤਾਂ ਅਸਲ ਵਿੱਚ ਕਿਸ ਦੇ ਇਸ਼ਾਰੇ `ਤੇ ਚੱਲਦੀਆਂ ਨੇ। ਬੀਬੀ ਜਗੀਰ ਕੌਰ ਨੇ ਸਿੰਘ ਸਾਹਿਬਾਨਾਂ ਦੇ ਇਸ ਫੈਸਲੇ ਨੂੰ ਦਲੇਰੀ ਭਰਿਆ ਦੱਸਦਿਆ ਕਿਹਾ ਕਿ ਇਸ ਫੈਸਲੇ ਨਾਲ ਕੌਮੀ ਇੱਕਜੁੱਟਤਾ ਦਾ ਸੁਨੇਹਾ ਗਿਆ ਹੈ।