ਨਗਰ ਨਿਗਮ ਦੀ ਬਿਹਤਰੀਨ ਪਹਿਲ : ਰਾਤ ਨੂੰ ਸ਼ਹਿਰ ਦੀ ਸਫ਼ਾਈ ਕਰੇਗਾ ਨਾਈਟ ਸਕੁਐਡ

  • ਕੈਬਨਿਟ ਮੰਤਰੀ ਨੇ ਨਗਰ ਨਿਗਮ ਦੀ ਇਸ ਵਿਸ਼ੇਸ਼ ਸਫ਼ਾਈ ਮੁਹਿੰਮ ਦੀ ਕਰਵਾਈ ਸ਼ੁਰੂਆਤ
  • ਰਾਤ ਨੂੰ ਰੇਡੀਅਮ ਪੱਟੀ ਵਾਲੀ ਡਰੈਸ ’ਚ 25 ਸਫ਼ਾਈ ਕਰਮਚਾਰੀ ਸ਼ਹਿਰ ਨੂੰ ਬਣਾਉਣਗੇ ਸਾਫ-ਸੁਥਰਾ

ਹੁਸ਼ਿਆਰਪੁਰ, 3 ਸਤੰਬਰ : ਨਗਰ ਨਿਗਮ ਹੁਸ਼ਿਆਰਪੁਰ ਨੇ ਬਿਹਤਰੀਨ ਪਹਿਲ ਕਰਦੇ ਹੋਏ ਰਾਤ ਨੂੰ ਸ਼ਹਿਰ ਵਿਚ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਨਿਗਮ ਦੇ 25 ਸਫ਼ਾਈ ਕਰਮਚਾਰੀਆਂ ਦਾ ਨਾਈਟ ਸਕੁਐਡ ਸਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਰਾਤ ਨੂੰ ਸਫ਼ਾਈ ਮੁਹਿੰਮ ਚਲਾਵੇਗਾ। ਨਗਰ ਨਿਗਮ ਦੇ ਇਸ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਬੀਤੀ ਦੇਰ ਰਾਤ ਘੰਟਾ ਘਰ ਤੋਂ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ ਅਤੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਵੀ ਮੌਜੂਦ ਸਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਨੇ ਨਗਰ ਨਿਗਮ ਦੇ ਇਸ ਵਿਸ਼ੇਸ਼ ਉਪਰਾਲੇ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਸ ਮੁਹਿੰਮ ਦੇ ਸ਼ੁਰੂ ਹੋਣ ਨਾਲ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਦੇ ਯਤਨਾਂ ਨੂੰ ਹੋਰ ਬਲ ਮਿਲੇਗਾ ਅਤੇ ਵਿਸ਼ੇਸ਼ ਕਰਕੇ ਸਵੇਰੇ ਸੈਰ ਕਰਨ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਸ਼ਹਿਰ ਸਾਫ਼-ਸੁਥਰਾ ਦਿੱਸੇਗਾ। ਉਨ੍ਹਾਂ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਸਫ਼ਾਈ ਕਰਮਚਾਰੀਆਂ ਵਲੋਂ ਰੋਜ਼ਾਨਾ ਸਵੇਰੇ-ਸਵੇਰੇ ਸ਼ਹਿਰ ਦੀ ਸਫ਼ਾਈ ਕੀਤੀ ਜਾਂਦੀ ਹੈ, ਪਰੰਤੂ ਰਾਤ ਵਿਚ ਵੀ ਸ਼ਹਿਰ ਦੀ ਸਫ਼ਾਈ ਦਾ ਬੀੜਾ ਉਠਾ ਕੇ ਉਨ੍ਹਾਂ ਨੇ ਸਵੱਛਤਾ ਮੁਹਿੰਮ ਵਿਚ ਆਪਣਾ ਮੋਹਰੀ ਯੋਗਦਾਨ ਦਿੱਤਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ 25 ਸਫ਼ਾਈ ਕਰਮਚਾਰੀਆਂ ਨੇ ਨਾਈਟ ਸਕੁਐਡ ਨੂੰ ਵਿਸ਼ੇਸ਼ ਤੌਰ ’ਤੇ ਰੇਡੀਅਮ ਪੱਟੀ ਵਾਲੀ ਨਾਈਟ ਡਰੈਸ ਦਿੱਤੀ ਗਈ ਹੈ, ਤਾਂ ਜੋ ਰਾਤ ਨੂੰ ਸਫ਼ਾਈ ਦੌਰਾਨ ਕੋਈ ਦੁਰਘਟਨਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਲੋਕ ਹਿੱਤ ਵਿਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ, ਪਰੰਤੂ ਬਿਨਾਂ ਲੋਕਾਂ ਦੇ ਸਹਿਯੋਗ ਦੇ ਇਸ ਮੁਹਿੰਮ ਨੂੰ ਕਾਮਯਾਬ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਪਲਾਸਟਿਕ ਅਤੇ ਹੋਰ ਕੂੜਾ ਸੜਕਾਂ ’ਤੇ ਨਾ ਸੁੱਟ ਕੇ ਸ਼ਹਿਰ ਵਿਚ ਬਣਾਏ ਗਏ ਡੰਪ ਅਤੇ ਡਸਟਬਿਨ ਵਿਚ ਹੀ ਸੁੱਟਣ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਸਫ਼ਾਈ ਲਈ ਰੂਟ ਮੈਪ ਬਣਾਇਆ ਗਿਆ ਹੈ ਅਤੇ ਸਫ਼ਾਈ ਕਰਮਚਾਰੀ ਟੀਮਾਂ ਬਣਾ ਕੇ ਉਨ੍ਹਾਂ ਰੂਟਾ ’ਤੇ ਰੋਜ਼ਾਨਾ ਦੇਰ ਰਾਤ ਸਫ਼ਾਈ ਕਰਨਗੇ। ਇਸ ਮੌਕੇ ਦਿ ਹੁਸ਼ਿਆਰਪੁਰ ਸੈਂਟਰਲ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਸਫ਼ਾਈ ਕਰਮਚਾਰੀ ਯੂਨਿਅਨ ਦੇ ਪ੍ਰਧਾਨ ਕਰਮਜੋਤ, ਰਮਨ ਕੁਮਾਰ, ਕਾਮਰੇਡ ਗੰਗਾ ਪ੍ਰਸ਼ਾਦ, ਸੰਤੋਸ਼ ਸੈਣੀ, ਮਨੀ ਗੋਗੀਆ, ਐਡਵੋਕੇਟ ਅਮਰਜੋਤ ਸੈਣੀ, ਧੀਰਜ ਸ਼ਰਮਾ, ਮੁਨੀਸ਼ ਸ਼ਰਮਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।