ਮਜ਼ਬੂਤ ਲੋਕਤੰਤਰ ਦਾ ਹਿੱਸਾ ਬਣਨ ਲਈ ਵੋਟਰ ਬਣਨਾ ਜ਼ਰੂਰੀ: ਕੋਮਲ ਮਿੱਤਲ

  • ਸਵਾਮੀ ਸਰਵਾਨੰਦ ਗਿਰੀ ਰੀਜਨਲ ਸੈਂਟਰ ਪੰਜਾਬ ਯੂਨੀਵਰਸਿਟੀ ’ਚ ਮਨਾਇਆ ਗਿਆ ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਸਮਾਗਮ
  • ਚੋਣ ਪ੍ਰਕਿਰਿਆ ’ਚ ਵਧੀਆ ਕਾਰਗੁਜ਼ਾਰੀ ਕਰਨ ਵਾਲਿਆਂ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ
  • ਨਵੇਂ ਵੋਟਰਾਂ ਨੂੰ ਵੋਟਰ ਪਹਿਚਾਣ ਪੱਤਰ ਦਿੱਤੇ ਅਤੇ ਨੌਜਵਾਨ ਵੋਟਰਾਂ ਨੂੰ ਪੌਦੇ ਦੇ ਕੇ ਕੀਤਾ ਸਨਮਾਨਿਤ

ਹੁਸ਼ਿਆਰਪੁਰ, 25 ਜਨਵਰੀ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਕਿਹਾ ਕਿ ਲੋਕਤੰਤਰ ਦਾ ਹਿੱਸਾ ਬਣਨ ਲਈ ਵੋਟਰ ਬਣਨਾ ਜ਼ਰੂਰੀ ਹੈ ਅਤੇ ਮਜ਼ਬੂਤ ਲੋਕਤੰਤਰ ਦੇ ਨਿਰਮਾਣ ਵਿਚ ਵੋਟਰਾਂ ਦੀ ਮਹੱਤਵਪੂਰਨ ਭੂਮਿਕਾ ਹੈ। ਉਹ ਅੱਜ ਸਵਾਮੀ ਸਰਵਾਨੰਦ ਗਿਰੀ ਰੀਜਨਲ ਸੈਂਟਰ ਪੰਜਾਬ ਯੂਨੀਵਰਸਿਟੀ, ਹੁਸ਼ਿਆਰਪੁਰ ਵਿਖੇ ਰਾਸ਼ਟਰੀ ਵੋਟਰ ਦਿਵਸ 'ਤੇ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਬਲਰਾਜ ਸਿੰਘ, ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ ਵੀ ਮੌਜੂਦ ਸਨ। ਇਸ ਮੌਕੇ ਰੀਜਨਲ ਸੈਂਟਰ ਦੇ ਡਾਇਰੈਕਟਰ ਡਾ. ਐਚ.ਐਸ ਬੈਂਸ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਕਿਹਾ ਕਿ ਅੱਜ ਦੇ ਇਸ ਪ੍ਰੋਗਰਾਮ ਵਿਚ ਸਕੂਲਾਂ-ਕਾਲਜਾਂ ਦੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ, ਕਵਿਤਾ ਅਤੇ ਨਾਟਕ ਰਾਹੀਂ ਭਾਰਤ ਦੇ ਮਜ਼ਬੂਤ ਲੋਕਤੰਤਰ ਅਤੇ ਵੋਟ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਰਾਸ਼ਟਰੀ ਵੋਟਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ 2024 ਦੀਆਂ ਲੋਕ ਸਭਾ ਚੋਣਾਂ ਵਿਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਇਸ ਨੂੰ ਸਫਲ ਬਣਾਉਣ ਵਿਚ ਵੋਟਰਾਂ ਦੀ ਭੂਮਿਕਾ ਅਹਿਮ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਵੋਟਰਾਂ ਨੂੰ ਆਪਣੇ ਵੋਟ ਦੀ ਵਰਤੋਂ ਕਰਨ ਦੇ ਨਾਲ-ਨਾਲ ਹੋਰਾਂ ਨੂੰ ਵੀ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ, ਕਿਉਂਕਿ ਵੋਟ ਦਾ ਅਧਿਕਾਰ ਬਹੁਤ ਮਹੱਤਵਪੂਰਨ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਤਿਉਹਾਰ ਵਿਚ ਸਾਡੀ ਸਾਰਿਆਂ ਦੀ ਭਾਗੀਦਾਰੀ ਹੋਣੀ ਬਹੁਤ ਜ਼ਰੂਰੀ ਹੈ ਅਤੇ ਸਾਨੂੰ ਬਿਨਾਂ ਕਿਸੇ ਲਾਲਚ ਵਿਚ ਆਏ ਆਪਣੇ ਵਿਵੇਕ ਦੇ ਆਧਾਰ ’ਤੇ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਪ੍ਰੋਗਰਾਮ ਦੌਰਾਨ ਰਾਸ਼ਟਰੀ ਵੋਟਰ ਦਿਵਸ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਜਾਰੀ ਸੀ.ਡੀ ਵੀ ਪ੍ਰੋਜੈਕਟਰ ਰਾਹੀਂ ਦਿਖਾਈ ਗਈ। ਜ਼ਿਲ੍ਹਾ ਚੋਣ ਅਫ਼ਸਰ ਨੇ ਇਸ ਦੌਰਾਨ ਚੋਣ ਪ੍ਰਕ੍ਰਿਆ ਵਿਚ ਲੱਗੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸਾਰਾ ਸਾਲ ਵੋਟ ਬਣਾਉਣ ਦੇ ਕੰਮ ਵਿਚ ਲੱਗੇ ਰਹਿੰਦੇ ਹਨ ਅਤੇ ਚੋਣਾਂ ਆਉਣ ’ਤੇ ਇਨ੍ਹਾਂ ਨੂੰ ਤਨਦੇਹੀ ਨਾਲ ਕਰਵਾਉਂਦੇ ਹਨ। ਇਸ ਮੌਕੇ ਉਨ੍ਹਾਂ ਨਵੇਂ ਵੋਟਰਾਂ ਨੂੰ ਵੋਟਰ ਪਹਿਚਾਣ ਪੱਤਰ ਦਿੱਤੇ ਅਤੇ ਨੌਜਵਾਨ ਵੋਟਰਾਂ ਨੂੰ ਪੌਦੇ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਹਾਜ਼ਰ ਅਧਿਕਾਰੀਆਂ ਨੂੰ ਰਾਸ਼ਟਰੀ ਵੋਟਰ ਦਿਵਸ ਦੇ ਮੌਕੇ ’ਤੇ ਸਹੁੰ ਵੀ ਚੁਕਾਈ ਗਈ। ਕੋਮਲ ਮਿੱਤਲ ਨੇ ਇਸ ਦੌਰਾਨ ਐਸ.ਡੀ.ਐਮ ਮੁਕੇਰੀਆਂ ਅਸ਼ੋਕ ਕੁਮਾਰ ਨੂੰ ਸਰਬੋਤਮ ਈ.ਆਰ.ਓ, ਸਹਾਇਕ ਪ੍ਰੋਫੈਸਰ ਪੀ.ਯੂ.ਐਸ.ਐਸ.ਜੀ.ਆਰ.ਸੀ ਵਿਨੇ ਕੁਮਾਰ ਨੂੰ ਸਰਬੋਤਮ ਨੋਡਲ ਅਫ਼ਸਰ ਫਾਰ ਕਾਲਜਿਜ਼ ਅਤੇ ਵਿਧਾਨ ਸਭਾ ਖੇਤਰ 39-ਮੁਕੇਰੀਆਂ ਦੇ ਬੂਥ 83 ਦੇ ਬੀ.ਐਲ.ਓ ਰਾਕੇਸ਼ ਕੁਮਾਰ ਨੂੰ ਸਰਬੋਤਮ ਬੀ.ਐਲ.ਓ ਵਜੋਂ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਚੋਣ ਪ੍ਰਕ੍ਰਿਆ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਹੋਰਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਕੁਇਜ਼, ਸਲੋਗਨ, ਭਾਸ਼ਣ, ਲੇਖ ਅਤੇ ਪੇਂਟਿੰਗ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।  ਇਸ ਦੌਰਾਨ ਵੋਟਰ ਜਾਗਰੂਕਤਾ ਸਬੰਧੀ ਨੁੱਕੜ ਨਾਟਕ, ਗੀਤ, ਭੰਡ ਕਲਾ, ਵਾਰ ਗਾਇਨ, ਬੋਲੀਆਂ, ਭੰਗੜਾ ਅਤੇ ਗਿੱਧੇ ਦਾ ਵੀ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਵੀਪ ਜ਼ਿਲ੍ਹਾ ਨੋਡਲ ਅਫ਼ਸਰ ਪ੍ਰੀਤ ਕੋਹਲੀ, ਜ਼ਿਲ੍ਹਾ ਸਿੱਖਿਆ ਅਫ਼ਸਰ ਹਰਭਗਵੰਤ ਸਿੰਘ, ਡਿਪਟੀ ਡੀ.ਈ.ਓ ਧੀਰਜ ਵਸ਼ਿਸ਼ਟ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ, ਚੋਣ ਕਾਨੂੰਗੋ ਦੀਪਕ ਕੁਮਾਰ, ਹਰਪ੍ਰੀਤ ਕੌਰ, ਲਖਬੀਰ ਸਿੰਘ, ਮੇਘਾ ਮਹਿਤਾ, ਪ੍ਰਿੰਸੀਪਲ ਸ਼ੈਲੇਂਦਰ ਠਾਕੁਰ, ਪ੍ਰਿੰਸੀਪਲ ਲਲਿਤਾ ਅਰੋੜਾ, ਪ੍ਰਿੰਸੀਪਲ ਰਾਕੇਸ਼ ਕੁਮਾਰ, ਪ੍ਰਿੰਸੀਪਲ ਹਰਜਿੰਦਰ ਕੌਰ, ਲੈਕਚਰਾਰ ਸੰਦੀਪ ਸੂਦ, ਅੰਕੁਸ਼ ਸ਼ਰਮਾ, ਰਵਿੰਦਰ ਕੁਮਾਰ, ਸਮਰਜੀਤ ਸਿੰਘ ਸ਼ੱਮੀ, ਯੋਗੇਸ਼ਵਰ ਸਲਾਰੀਆ, ਪ੍ਰਦੀਪ ਕੁਮਾਰ, ਰਾਜਨ ਮੋਂਗਾ, ਮੀਨਾਕਸ਼ੀ ਸ਼ਰਮਾ, ਲਵਪ੍ਰੀਤ ਕੌਰ ਆਦਿ ਵੀ ਮੌਜੂਦ ਸਨ।