ਸਤਲੁਜ ਦਰਿਆ ਤੇ ਬਿਸਤ ਦੁਆਬ ਨਹਿਰ ’ਚ ਨਹਾਉਣ ਦੀ ਮਨਾਹੀ

ਨਵਾਂਸ਼ਹਿਰ, 20 ਅਕਤੂਬਰ : ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਹਦੂਦ ਅੰਦਰ ਪੈਂਦੇ ਦਰਿਆ ਸਤਲੁਜ ਅਤੇ ਬਿਸਤ ਦੁਆਬ ਨਹਿਰ ’ਚ ਨਹਾਉਣ ’ਤੇ ਪਾਬੰਦੀ ਲਗਾਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦੇ ਐਕਟ 2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਨਾਲ ਕੀਤੀ ਇਹ ਮਨਾਹੀ, ਇਨ੍ਹਾਂ ਦੋਵਾਂ ਥਾਂਵਾਂ ’ਤੇ ਨਹਾਉੁਣ ਵਾਲਿਆਂ ਦੇ ਡੂੰਘੇ ਪਾਣੀ ’ਚ ਜਾਣ ਅਤੇ ਪਾਣੀ ਦੇ ਵਿੱਚ ਡੁੱਬਣ ਨਾਲ ਹੋਈਆਂ ਅਣਸੁਖਾਵੀਂਆਂ ਘਟਨਾਵਾਂ ਦੇ ਮੱਦੇਨਜ਼ਰ ਕੀਤੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਨ ਕਾਰਨ ਪਰਿਵਾਰ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਵੀ ਦੁੱਖ ਮਹਿਸੂਸ ਕਰਦਾ ਹੈ, ਜਿਸ ਲਈ ਇਹ ਰੋਕ ਲਾਈ ਜਾਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਮੌਕੇ ’ਤੇ ਨਹਾਉਂਦਾ ਪਕੜਿਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਤਹਿਤ ਪੁਲਿਸ ਵਿਭਾਗ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਹੁਕਮ 19 ਦਸੰਬਰ , 2023 ਤੱਕ ਲਾਗੂ ਰਹਿਣਗੇ।