ਨੀਵੇਂ ਇਲਾਕਿਆਂ ‘ਚ ਇਕੱਠੇ ਹੋਏ ਪਾਣੀ ਦੀ ਨਿਕਾਸੀ ਸਬੰਧੀ ਕੀਤੇ ਜਾ ਰਹੇ ਹਨ ਪ੍ਰਬੰਧ : ਡਿਪਟੀ ਕਮਿਸ਼ਨਰ

  • ਕਿਹਾ, ਲੋੜ ਪੈਣ ‘ਤੇ ਐਨ.ਡੀ.ਆਰ.ਐਫ ਟੀਮ ਦੀ ਵੀ ਲਈ ਜਾਵੇਗੀ ਸਹਾਇਤਾ
  • ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨੇ ਮੀਂਹ ਨਾਲ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ

ਨਵਾਂਸ਼ਹਿਰ, 10 ਜੁਲਾਈ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਐਸ.ਐਸ.ਪੀ. ਭਾਗੀਰਥ ਮੀਣਾ ਨੇ ਸੋਮਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ‘ਤੇ ਮੀਂਹ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਨੇ ਜ਼ਿਲ੍ਹੇ ਦੇ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਐਨ. ਡੀ. ਆਰ. ਐਫ ਦੀ ਟੀਮ ਦੇ ਅਧਿਕਾਰੀਆਂ ਦੇ ਨਾਲ ਵੀ ਮੁਲਾਕਾਤ ਕੀਤੀ ਅਤੇ ਮੀਂਹ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਬਚਾਉ ਕਾਰਜ ਕਰਨ ਸਬੰਧੀ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਨਵਾਂਸ਼ਹਿਰ ਚੰਡੀਗੜ੍ਹ ਰੋਡ ‘ਤੇ ਇਕੱਠੇ ਹੋਏ ਪਾਣੀ ਦੀ ਨਿਕਾਸੀ ਦੇ ਲਈ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਗੜ੍ਹਸ਼ੰਕਰ ਬਾਈਪਾਸ ਚੌਂਕ ਵਿਖੇ ਸੜਕ ਨੂੰ ਪੁੱਟ ਕੇ ਜਮ੍ਹਾਂ ਹੋਏ ਪਾਣੀ ਨੂੰ ਕੱਢਿਆ ਜਾ ਰਿਹਾ ਹੈ, ਤਾਂ ਜੋ ਸੜਕ ਦੇ ਨਾਲ ਜਿਹੜੀਆਂ ਨੀਵੀਆਂ ਥਾਵਾਂ ‘ਤੇ ਪਾਣੀ ਇਕੱਠਾ ਹੋਇਆ ਹੈ ਜਲਦ ਨਿਕਲ ਸਕੇ। ਉਨ੍ਹਾਂ ਨੇ ਕਿਹਾ ਕਿ ਐਨ.ਡੀ.ਆਰ.ਐਫ ਟੀਮ ਵੀ ਜ਼ਿਲ੍ਹੇ ਵਿੱਚ ਪਹੁੰਚ ਚੁੱਕੀ ਹੈ। ਇਸ ਟੀਮ ਦੀ ਜਿਹੜੇ ਇਲਾਕਿਆਂ ਵਿੱਚ ਲੋੜ ਹੋਵੇਗੀ ਉਥੇ ਇਹ ਟੀਮ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਟੀਮ ਦੇ ਨਾਲ ਦੋ ਮੋਟਰ ਬੋਟਸ ਵੀ ਮਿਲੀਆਂ ਹਨ, ਲੋੜ ਪੈਣ ‘ਤੇ ਇਨ੍ਹਾਂ ਦਾ ਵੀ ਇਸਤੇਮਾਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪਿੰਡ ਪੋਜੇਵਾਲ ਅਤੇ ਰਾਹੋਂ ਖੇਤਰ ਵਿੱਚ ਦੋ ਮੌਤਾਂ ਹੋਈਆਂ ਹਨ, ਜੋ ਕਿ ਅਣਗਹਿਲੀ ਨਾਲ ਪਾਣੀ ਵਿੱਚ ਨਹਾਉਂਣ ਦੀ ਕੋਸ਼ਿਸ਼ ਦੌਰਾਨ ਹੋਈਆਂ ਹਨ। ਉਨ੍ਹਾਂ ਨੇ ਅਪੀਲ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਇਕੱਠੇ ਹੋਏ ਪਾਣੀ ਵਿੱਚ ਨਹਾਉਂਣ ਤੋਂ ਰੋਕਿਆ ਜਾਣਾ ਚਾਹੀਦਾ ਹੈ, ਕਈ ਬਾਰ ਤੇਜ਼ ਗਤੀ ਨਾਲ ਪਾਣੀ ਆਉਣ ‘ਤੇ ਜਾਨੀ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਪਿੰਡ ਰੈਲ ਬਰਾਮਦ ਵਿਖੇ ਕੁਝ ਪਿੰਡ ਵਾਸੀਆਂ ਨੂੰ ਰੈਸਕਿਊ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਪ੍ਰਭਾਵਿਤ ਹੋਏ ਪਿੰਡਾਂ ਵਿੱਚ ਰਾਸ਼ਨ ਸਮੱਗਰੀ ਵੀ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ, ਤਾਂ ਜੋ ਇਸ ਕੁਦਰਤੀ ਆਫ਼ਤ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਹ ਵੀ ਅਪੀਲ ਕਰਦਿਆਂ ਕਿਹਾ ਕਿ  ਉਹ ਦਰਿਆਵਾਂ, ਨਹਿਰਾਂ, ਚੋਆਂ ਅਤੇ ਨੀਵੇਂ ਇਲਾਕਿਆਂ ਵਿਚ ਜਾਣ ਤੋਂ ਗੁਰੇਜ਼ ਕਰਨ। ਇਸ ਉਪਰੰਤ ਉਨ੍ਹਾਂ ਨੇ ਪਿੰਡ ਮਹਾਲੋਂ ਰੇਲਵੇ ਫਲਾਈ ਓਵਰ, ਸਨਾਵਾ, ਜਾਡਲਾ, ਬਲਾਚੌਰ, ਕਾਠਗੜ੍ਹ, ਆਸਰੋ ਅਤੇ ਭੱਲਾ ਵਿਖੇ ਬਰਸਾਤ ਦੌਰਾਨ ਇਕੱਠੇ ਹੋਏ ਪਾਣੀ ਦੀ ਨਿਕਾਸੀ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ। ਇਸ ਦੌਰਾਨ ਐਸ.ਐਸ.ਪੀ ਭਾਗੀਰਥ ਮੀਣਾ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਜਿਵੇਂ ਹੀ ਕੋਈ ਸੂਚਨਾ ਮਿਲਦੀ ਹੈ, ਤਾਂ ਤੁਰੰਤ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਕੀਤੇ ਜਾਣ। ਸਾਰੇ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਇਕ ਦੂਜੇ ਨਾਲ ਤਾਲਮੇਲ ਕਰਦੇ ਹੋਏ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ। ਇਸ ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।