ਫ਼ੌਜ ਦੇ ਜਵਾਨਾਂ ਨੇ ਬਚਾਅ ਕਾਰਜਾਂ ਦੌਰਾਨ 15 ਦਿਨਾਂ ਦੇ ਬੱਚੇ ਦੀ ਜਾਨ ਬਚਾਈ

  • ਫੌਜੀ ਜਵਾਨਾਂ ਨੇ ਬੱਚੇ, ਉਸਦੀ ਮਾਂ ਅਤੇ ਦਾਦੀ ਦਾਦੀ ਨੂੰ ਸੁਰੱਖਿਅਤ ਬਾਹਰ ਕੱਢਿਆ
  • ਪਰਿਵਾਰ ਨੇ ਭਾਰਤੀ ਫ਼ੌਜ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ

ਗੁਰਦਾਸਪੁਰ, 17 ਅਗਸਤ : ਅੱਜ ਦੁਪਹਿਰ ਇੱਕ ਵਜੇ ਦਾ ਸਮਾਂ ਸੀ। ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ `ਤੇ ਪੁਰਾਣਾ ਸ਼ਾਲਾ ਦੇ ਨਜ਼ਦੀਕੀ ਪਿੰਡ ਰੰਧਾਵਾ ਕਲੋਨੀ `ਚੋਂ ਇੱਕ ਮਾਂ ਦੀ ਕਾਲ ਆਉਂਦੀ ਹੈ ਕਿ ਉਹ ਖੁਦ ਅਤੇ ਉਸਦਾ 15 ਦਿਨਾਂ ਦਾ ਬੱਚਾ ਅਤੇ ਉਸਦਾ ਸੱਸ-ਸਹੁਰਾ ਘਰ ਵਿੱਚ ਪਾਣੀ ਆਉਣ ਕਾਰਨ ਫਸ ਗਏ ਹਨ। ਉਨ੍ਹਾਂ ਦੀ ਮਦਦ ਕੀਤੀ ਜਾਵੇ। ਕੰਟਰੋਲ ਰੂਮ ਨੇ ਜਿਉਂ ਹੀ ਇਹ ਕਾਲ ਰਸੀਵ ਕੀਤੀ ਤਾਂ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਰੈਸਕਿਊ ਓਪਰੇਸ਼ਨ ਵਿੱਚ ਲੱਗੀ ਹੋਈ ਭਾਰਤੀ ਫ਼ੌਜ ਦੀ ਰੈਸਕਿਊ ਟੀਮ ਦੇ ਲੈਫਟੀਨੈਂਟ ਕਰਨਲ ਵੀ.ਕੇ. ਸਿੰਘ ਨੂੰ ਮਦਦ ਕਰਨ ਲਈ ਕਿਹਾ। ਇਸ ਤੋਂ ਬਾਅਦ ਲੈਫਟੀਨੈਂਟ ਕਰਨਲ ਵੀ.ਕੇ. ਸਿੰਘ ਨੇ ਬਿਨ੍ਹਾਂ ਕੋਈ ਸਮਾਂ ਗਵਾਏ ਤੁਰੰਤ ਆਪਣੀ ਰੈਸਕਿਊ ਟੀਮ ਨੂੰ ਪਿੰਡ ਰੰਧਾਵਾ ਕਲੋਨੀ ਲਈ ਰਵਾਨਾ ਕਰ ਦਿੱਤਾ। ਕੁਝ ਹੀ ਮਿੰਟਾਂ ਵਿੱਚ ਭਾਰਤੀ ਫ਼ੌਜ ਦੀ ਰੈਸਕਿਊ ਟੀਮ ਦੱਸੇ ਪਤੇ `ਤੇ ਪਹੁੰਚ ਗਈ ਅਤੇ ਉਨ੍ਹਾਂ ਨੇ ਛੋਟੇ ਬੱਚੇ ਅਤੇ ਉਸਦੀ ਮਾਂ ਅਤੇ ਬਜ਼ੁਰਗ ਸੱਸ-ਸਹੁਰੇ ਨੂੰ ਪਾਣੀ ਵਿੱਚ ਘਿਰੇ ਘਰ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ। ਉਸਤੋਂ ਬਾਅਦ ਦੇਖਦਿਆਂ ਹੀ ਦੇਖਦਿਆਂ ਪਾਣੀ ਦਾ ਪੱਧਰ ਹੋਰ ਜਿਆਦਾ ਵੱਧ ਗਿਆ। ਲੈਫਟੀਨੈਂਟ ਕਰਨਲ ਵੀ.ਕੇ. ਸਿੰਘ ਨੇ ਦੱਸਿਆ ਕਿ ਛੋਟਾ ਬੱਚਾ, ਉਸਦੀ ਮਾਂ ਅਤੇ ਬਜ਼ੁਰਗ ਦੰਪਤੀ ਸਾਰੇ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਨੂੰ ਪਾਣੀ ਵਿੱਚੋਂ ਕੱਢ ਕੇ ਸੁਰੱਖਿਅਤ ਥਾਂ `ਤੇ ਪਹੁੰਚਾਅ ਦਿੱਤਾ ਗਿਆ ਹੈ। ਓਧਰ ਇਸ ਪਰਿਵਾਰ ਨੇ ਇਸ ਔਖੀ ਘੜ੍ਹੀ ਵਿੱਚ ਮਦਦ ਕਰਨ ਲਈ ਭਾਰਤੀ ਫ਼ੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ।