‘ਪੰਥਕ ਧਿਰਾਂ ਵੱਲੋਂ ਜਥੇਦਾਰ ਕਾਉਂਕੇ ਦੇ ਸੰਬੰਧ ਵਿੱਚ 10 ਫਰਵਰੀ ਦੇ ਨੁਮਾਇੰਦਾ ਇਕੱਠ ਲਈ 11 ਮੈਂਬਰੀ ਤਾਲਮੇਲ ਕਮੇਟੀ ਦਾ ਐਲਾਨ

  • ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ : ਭਾਈ ਰੋਡੇ, ਮੋਹਕਮ ਸਿੰਘ, ਭੋਮਾ

ਜਲ਼ੰਧਰ, 18 ਜਨਵਰੀ : ਪੰਥਕ ਧਿਰਾਂ ਵਲੋਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਮਰ ਸ਼ਹੀਦ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਸੰਬੰਧ ਵਿੱਚ ਇਨਸਾਫ਼ ਲੈਣ ਲਈ ਬੁਲਾਏ ਜਲ਼ੰਧਰ ਵਿਖੇ ਬੁਲਾਏ ਗਏ 10 ਫਰਵਰੀ ਦੇ ਨੁਮਾਇੰਦਾ ਇਕੱਠ ਕਰਨ ਲਈ ਸਭ ਧਿਰਾਂ ਨਾਲ ਤਾਲਮੇਲ ਕਾਇਮ ਕਰਨ ਲਈ ਜੋਂ ਫੈਸਲਾ 15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਈ ਮੀਟਿੰਗ ਵਿੱਚ ਇੱਕ ਤਾਲਮੇਲ ਕਮੇਟੀ ਬਣਾਉਣ ਦਾ ਫੈਸਲਾ ਲਿਆ ਗਿਆ ਸੀ। ਉਸ ਦਾ ਬਕਾਇਦਾ ਅੱਜ ਰਸਮੀ ਤੌਰ ਤੇ ਐਲਾਨ ਕਰਦਿਆਂ ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦੇਂਦਿਆਂ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਭਾਈ ਮੋਹਕਮ ਸਿੰਘ ਅਤੇ ਭਾਈ ਮਨਜੀਤ ਸਿੰਘ ਭੋਮਾ ਨੇ ਦੱਸਿਆ ਕਿ ਗਿਆਰਾਂ ਮੈਂਬਰੀ ਤਾਲਮੇਲ ਕਮੇਟੀ ਵਿੱਚ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਭਾਈ ਮੋਹਕਮ ਸਿੰਘ, ਮਨਜੀਤ ਸਿੰਘ ਭੋਮਾ, ਗੁਰਦੀਪ ਸਿੰਘ ਬਠਿੰਡਾ, ਪਾਲ ਸਿੰਘ ਫਰਾਂਸ, ਗੁਰਿੰਦਰ ਸਿੰਘ ਬਾਜਵਾ, ਸਤਨਾਮ ਸਿੰਘ ਮਨਾਵਾਂ, ਜਥੇਦਾਰ ਭਰਭੂਰ ਸਿੰਘ ਧਾਂਦਰਾ, ਬਲਵਿੰਦਰ ਸਿੰਘ ਫਿਰੋਜ਼ਪੁਰ ਅਤੇ ਜਥੇਦਾਰ ਹਰਬੰਸ ਸਿੰਘ ਮੰਝਪੁਰ ਨੂੰ ਸ਼ਾਮਲ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ 10 ਫਰਵਰੀ ਦੇ ਨੁਮਾਇੰਦਾ ਇਕੱਠ ਵਿੱਚ ਸਭ ਦੀ ਕਨੂੰਨੀ ਤੇ ਸਰਕਾਰ ਤੇ ਦਬਾਅ ਬਣਾਉਣ ਲਈ ਲੋਕ ਲਹਿਰ ਖੜ੍ਹੀ ਕਰਨ ਲਈ ਅਤੇ ਜਿਹਨਾਂ ਜ਼ੁਮੇਵਾਰ ਲੋਕਾਂ ਨੇ ਬੀ ਪੀ ਤਿਵਾੜੀ ਦੀ ਜਾਂਚ ਰਿਪੋਰਟ ਆਪਣੇ ਗੋਡੇ ਥੱਲੇ ਦਬਾਈ ਰੱਖੀ ਉਹਨਾਂ ਵਿਰੁੱਧ ਕਨੂੰਨੀ ਤੇ ਧਾਰਮਿਕ ਸਜ਼ਾ ਬਾਰੇ ਸਾਰਿਆਂ ਦੀ ਕੀਮਤੀ ਰਾਏ ਲਈ ਜਾਵੇਗੀ । ਇਸ ਨੁਮਾਇੰਦਾ ਮੀਟਿੰਗ ਵਿੱਚ ਸਭ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਤੇ ਵੱਖ ਵੱਖ ਜਥੇਬੰਦੀਆਂ ਨਾਲ ਸੰਪਰਕ ਕਾਇਮ ਕਰਨ ਲਈ ਉਕਤ ਗਿਆਰਾਂ ਮੈਂਬਰੀ ਤਾਲਮੇਲ ਕਮੇਟੀ ਤਾਲਮੇਲ ਪੈਦਾ ਕਰੇਂਗੀ ਜਿਵੇਂ ਵਕੀਲਾਂ, ਡਾਕਟਰਾਂ , ਇੰਜਨੀਅਰਾਂ , ਸਾਬਕਾ ਵਾਇਸ ਚਾਂਸਲਰਾਂ, ਸਾਬਕਾ ਆਈ ਏ ਐਸ, ਮਨੁੱਖੀ ਅਧਿਕਾਰਾਂ ਦੇ ਰਾਖੇ ਪ੍ਰਿਟ ਤੇ ਇਲੈਕਟ੍ਰਾਨਿਕ ਮੀਡੀਆ ਦੇ ਪੱਤਰਕਾਰਾਂ , ਆਈ ਪੀ ਐਸ, ਪੀ ਪੀ ਐਸ ਅਫਸਰਾਂ , ਸਾਰੀਆਂ ਪੰਥਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਸੰਤਾਂ ਮਹਾਪੁਰਸ਼ਾਂ, ਮਨੁੱਖੀ ਅਧਿਕਾਰ ਸੰਗਠਨਾਂ, ਰਾਗੀਆਂ, ਢਾਡੀਆਂ, ਸਿੱਖ ਪ੍ਰਚਾਰਕਾਂ, ਗ੍ਰੰਥੀ ਸਿੰਘਾਂ , ਢਾਡੀਆਂ, ਕਵੀਸਰਾਂ , ਪੰਥ ਤੇ ਪੰਜਾਬ ਦੇ ਦਰਦੀਆਂ, ਚਿੰਤਕਾਂ , ਬੁੱਧੀਜੀਵੀਆਂ , ਸਤਿਕਾਰ ਕਮੇਟੀਆਂ, ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਹਿੰਦੂ ਤੇ ਮੁਸਲਮਾਨ ਆਗੂਆਂ , ਸਰਕਾਰੀ ਰੁਤਬਿਆਂ ਤੇ ਰਹਿੰਦੇ ਹੋਏ ਸੇਵਾ ਨਿਭਾਉਂਦਿਆਂ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਸਾਬਕਾ ਅਧਿਕਾਰੀਆਂ ਨਾਲ਼ ਤਾਲਮੇਲ ਕਰਕੇ 10 ਫਰਵਰੀ ਜਲੰਧਰ ਦੇ ਨੁਮਾਇੰਦਾ ਇਕੱਠ ਲਈ ਫੋਨਾਂ ਤੇ ਸੱਦਾ ਪੱਤਰਾਂ ਰਾਹੀਂ ਸੱਦਾ ਦੇਵੇਗੀ । ਇਸ ਨੁਮਾਇੰਦਾ ਇਕੱਠ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਜਥੇਦਾਰ ਕਾਉਂਕੇ ਦੇ ਸੰਬੰਧ ਵਿੱਚ ਚੇਅਰਮੈਨ ਐਡਵੋਕੇਟ ਛਿੰਦਰਪਾਲ ਸਿੰਘ ਬਰਾੜ ਸਮੇਤ ਪੰਜ ਮੈਂਬਰੀ ਵਕੀਲਾਂ ਦਾ ਪੈਨਲ ਹੁਣ ਤੱਕ ਦੀ ਇਕੱਤਰ ਕੀਤੀ ਆਪਣੀ ਕਾਨੂੰਨੀ ਰਿਪੋਰਟ ਪੇਸ਼ ਕਰੇਗਾ।