ਹੁਸ਼ਿਆਰਪੁਰ ਦੇ ਸਰਵਪੱਖੀ ਵਿਕਾਸ ਨੂੰ ਦਿੱਤੀ ਜਾਵੇਗੀ ਤਰਜ਼ੀਹ: ਬ੍ਰਮ ਸ਼ੰਕਰ ਜਿੰਪਾ

  • ਵਾਰਡ ਨੰਬਰ 9 ਦੇ ਅਜੀਤ ਨਗਰ ’ਚ 34.77 ਲੱਖ ਰੁਪਏ ਦੀ ਲਾਗਤ ਨਾਲ ਲੱਗਿਆ ਟਿਊਬਵੈਲ
  • ਕੈਬਨਿਟ ਮੰਤਰੀ ਨੇ ਟਿਊਬਵੈਲ ਲਈ ਜਗ੍ਹਾ ਦਾਨ ਕਰਨ ਵਾਲੀ ਬੀਬੀ ਹਰਪਾਲ ਕੌਰ ਤੋਂ ਕਰਵਾਇਆ ਟਿਊਬਵੈਲ ਦਾ ਉਦਘਾਟਨ

ਹੁਸ਼ਿਆਰਪੁਰ, 28 ਫਰਵਰੀ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਲੋਕਾਂ ਨੂੰ ਹਰ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਸ਼ਹਿਰ ਦੇ ਹਰ ਵਾਰਡ ਦੀ ਮੰਗ ਅਨੁਸਾਰ ਵਿਕਾਸ ਕਰਵਾਏ ਜਾ ਰਹੇ ਹਨ। ਉਹ ਵਾਰਡ ਨੰਬਰ 9 ਦੇ ਮੁਹੱਲਾ ਅਜੀਤ ਨਗਰ ਵਿਚ ਨਵੇਂ ਟਿਊਬਵੈਲ ਨੂੰ ਇਲਾਕਾ ਵਾਸੀਆਂ ਨੂੰ ਸਮਰਪਿਤ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਟਿਊਬਵੈਲ ਲਈ ਜਗ੍ਹਾ ਦਾਨ ਕਰਨ ਵਾਲੀ ਬੀਬੀ ਹਰਪਾਲ ਕੌਰ ਦੇ ਹੱਥਾਂ ਨਾਲ ਉਦਘਾਟਨ ਕਰਵਾਇਆ ਅਤੇ ਲੋਕ ਹਿੱਤ ਵਿਚ ਉਨ੍ਹਾਂ ਵੱਲੋਂ ਦਿੱਤੇ ਗਏ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਹੁਸ਼ਿਆਰਪੁਰ ਦਾ ਸਰਵਪੱਖੀ ਵਿਕਾਸ ਕਰਵਾਉਣਾ ਉਨ੍ਹਾਂ ਦੀ ਮੁੱਖ ਤਰਜ਼ੀਹ ਹੈ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 9 ਦੇ ਲੋਕਾਂ ਨੂੰ ਨਿਰਵਿਘਨ ਪਾਣੀ ਦੀ ਸੁਵਿਧਾ ਮੁਹੱਈਆ ਕਰਵਾਉਣ ਲਈ ਮੁਹੱਲਾ ਅਜੀਤ ਨਗਰ ਵਿਚ 34.77 ਲੱਖ ਰੁਪਏ ਦੀ ਲਾਗਤ ਨਾਲ ਟਿਊਬਵੈਲ ਲਗਾਇਆ ਗਿਆ ਹੈ, ਜਿਸ ਨਾਲ ਹੁਣ ਇਲਾਕੇ ਦੇ ਲੋਕਾਂ ਨੂੰ ਪੀਣ ਵਾਲੇ  ਪਾਣੀ ਦੀ ਸਪਲਾਈ ਨੂੰ ਲੈ ਕੇ ਕੋਈ ਦਿੱਕਤ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਉਨ੍ਹਾਂ ਸਾਰੇ  ਸਥਾਨਾਂ ’ਤੇ ਟਿਊਬਵੈਲ ਲਗਾਏ ਜਾ ਰਹੇ ਹਨ, ਜਿਥੇ ਲੋਕਾਂ ਨੂੰ ਪੀਣ ਦੇ ਪਾਣੀ ਸਬੰਧੀ ਮੁਸ਼ਕਿਲਾਂ ਆ ਰਹੀਆਂ ਸਨ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਲੋਕਾਂ ਤੱਕ 100 ਫੀਸਦੀ ਸੀਵਰੇਜ ਅਤੇ ਪਾਣੀ ਦੀ ਸਪਲਾਈ ਦੀ ਸੁਵਿਧਾ ਨੂੰ ਪਹੁੰਚਾਉਣਾ ਯਕੀਨੀ ਬਣਾਇਆ ਗਿਆ ਹੈ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਵਾਸੀਆਂ ਤੱਕ ਸਾਫ ਪਾਣੀ ਪਹੁੰਚਾਉਣ ਲਈ ਕੋਈ ਕਮੀ ਨਹੀਂ ਛੱਡੀ ਜਾ ਰਹੀ ਅਤੇ ਵਾਰਡ ਦੀ ਮੰਗ ਦੇ ਹਿਸਾਬ ਨਾਲ ਉਥੇ ਪੀਣ ਵਾਲੇ ਪਾਣੀ ਦੇ ਟਿਊਬਵੈਲ ਲਗਾਏ ਜਾ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਅਗਵਾਈ ਵਿਚ ਸੂਬੇ ਵਿਚ ਸਾਰੇ ਪੈਂਡਿੰਗ ਕੰਮ ਪਹਿਲ ਦੇ ਆਧਾਰ ’ਤੇ ਪੂਰੇ ਕੀਤੇ ਗਏ ਹਨ। ਉਨ੍ਹਾਂ ਇਲਾਕਾ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਇਲਾਕੇ ਵਿਚ ਹਰ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਬ੍ਰਮ ਸ਼ੰਕਰ ਜਿੰਪਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਾਣੀ ਦੀ ਸਹੀ ਵਰਤੋਂ ਕਰਨ ਅਤੇ ਇਸਨੂੰ ਵਿਅਰਥ ਨਾ ਬਹਾਉਣ। ਇਸ ਮੌਕੇ ਕੌਂਸਲਰ ਬਖਸ਼ੀਸ਼ ਕੌਰ, ਮੁਖੀ ਰਾਮ, ਜਗੀਰ ਸਿੰਘ, ਸੋਹਣ ਸਿੰਘ, ਰਸ਼ਪਾਲ ਸਿੰਘ, ਕੇਵਲ ਕ੍ਰਿਸ਼ਨ, ਦਿਲਬਾਗ ਸਿੰਘ, ਸੁਰਜੀਤ ਰਾਜਾ, ਕਰਮ ਸਿੰਘ, ਜਗਦੀਸ਼ ਸਿੰਘ, ਰਜਿੰਦਰ ਕੁਮਾਰ, ਯੁੱਧਵੀਰ ਸਿੰਘ, ਰਾਜ ਕੁਮਾਰ ਸੋਨੀ, ਵਰਿੰਦਰ ਕੁਮਾਰ, ਕੰਚਨ ਬਾਲਾ, ਪੁਸ਼ਪਾ ਦੇਵੀ, ਜਸਵੀਰ ਕੌਰ, ਸੁਨੀਤਾ ਦੇਵੀ, ਰਾਜਵਿੰਦਰ ਕੌਰ, ਮੰਜੂ ਬਾਲਾ, ਮਨਜੀਤ ਕੌਰ, ਮਨਦੀਪ ਕੌਰ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।