ਜਲੰਧਰ ਵਿਚ ਹੋਈ ਸਰਬ ਪਾਰਟੀ ਮੀਟਿੰਗ ਵੱਲੋਂ  ਹਮਦਰਦ ਨਾਲ ਜ਼ਾਹਰ ਕੀਤੀ ਇੱਕਮੁੱਠਤਾ, ਸਰਕਾਰ ਨੂੰ ਦਿੱਤੀ ਚੇਤਾਵਨੀ 

ਜਲੰਧਰ, 01 ਜੂਨ : ਅਜ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ, ਬਸਪਾ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ), ਲੋਕ ਇਨਸਾਫ਼ ਪਾਰਟੀ, ਲੋਕ ਭਲਾਈ ਪਾਰਟੀ ਅਤੇ ਖੱਬੀਆਂ ਪਾਰਟੀਆਂ ਦੇ ਆਗੂਆਂ ਨੇ “ਪੰਜਾਬ ਸਰਕਾਰ ਵਲੋਂ ਪ੍ਰੈੱਸ ਦੀ ਆਜ਼ਾਦੀ 'ਤੇ ਕੀਤੇ ਜਾ ਰਹੇ ਹਮਲਿਆਂ ਅਤੇ ਖ਼ਾਸ ਕਰਕੇ 'ਅਜੀਤ' ਪ੍ਰਕਾਸ਼ਨ ਸਮੂਹ ਅਤੇ ਇਸ ਦੇ ਮੁੱਖ ਸੰਪਾਦਕ ਦੇ ਖਿਲਾਫ਼ ਪਿਛਲੇ ਲੰਮੇ ਸਮੇਂ ਤੋਂ ਅਪਣਾਈਆਂ ਗਈਆਂ ਦਮਨਕਾਰੀ ਨੀਤੀਆਂ” ਦੀ ਸਖ਼ਤ ਆਲੋਚਨਾ ਕੀਤੀ। ਮੀਟਿੰਗ ਵਿੱਚ ਪਾਸ ਕੀਤੇ ਮੱਤਿਆਂ ਵਿੱਚ ਕਿਹਾ ਗਿਆ ਕਿ ਪੰਜਾਬੀਆਂ ਵਲੋਂ ਦੇਸ਼ ਦੀ ਆਜ਼ਾਦੀ ਵਿਚ ਪਾਏ ਗਏ ਬੇਮਿਸਾਲ ਯੋਗਦਾਨ ਦੀ ਯਾਦ ਵਿਚ ਬਣੀ ਜੰਗ-ਏ-ਆਜ਼ਾਦੀ ਯਾਦਗਾਰ, ਕਰਤਾਰਪੁਰ ਦੀ ਉਸਾਰੀ ਲਈ ਵੀ ਡਾ. ਬਰਜਿੰਦਰ ਸਿੰਘ ਹਮਦਰਦ ਨੇ ਬੇਮਿਸਾਲ ਸੇਵਾ ਕੀਤੀ ਹੈ। ਪਰ ਮੌਜੂਦਾ ਪੰਜਾਬ ਸਰਕਾਰ ਇਸ ਯਾਦਗਾਰ ਸੰਬੰਧੀ ਵਿਜੀਲੈਂਸ ਤੋਂ ਜਾਂਚ ਕਰਾਉਣ ਦੇ ਨਾਂਅ 'ਤੇ ਪਿਛਲੇ ਕਈ ਮਹੀਨਿਆਂ ਤੋਂ ਡਾ. ਬਰਜਿੰਦਰ ਸਿੰਘ ਨੂੰ ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਦੀ ਸਾਖ਼ ਖ਼ਰਾਬ ਕਰਨ ਲਈ ਬੇਹੱਦ ਘਟੀਆ ਢੰਗ ਤਰੀਕੇ ਅਪਣਾ ਰਹੀ ਹੈ। ਅਜੀਤ ਦੇ ਪੰਜਾਬ ਪੱਖੀ ਰੋਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਗਿਆ , “ਇਹ ਮੰਗ ਕਰਦੀ ਹੈ ਕਿ ਇਸ ਦਮਨਕਾਰੀ ਨੀਤੀ ਨੂੰ ਸਰਕਾਰ ਸਮਾਪਤ ਕਰੇ ਅਤੇ ਜਮਹੂਰੀ ਕਦਰਾਂ-ਕੀਮਤਾਂ ਦਾ ਸਤਿਕਾਰ ਕਰਦਿਆਂ ਪ੍ਰੈੱਸ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਦਾ ਲੋਕਾਂ ਨੂੰ ਮੁੜ ਤੋਂ ਭਰੋਸਾ ਦੇਵੇ।“ ਇੱਕ ਹੋਰ ਮਤੇ ਵਿੱਚ “ਪੰਜਾਬ ਭਰ ਵਿਚ ਵੱਖ-ਵੱਖ ਚੈਨਲਾਂ ਉੱਤੇ ਪਾਬੰਦੀਆਂ ਲਗਾਏ ਜਾਣ, ਅਖ਼ਬਾਰਾਂ, ਪੱਤਰਕਾਰਾਂ ਉੱਤੇ ਸਰਕਾਰ ਵਲੋਂ ਬਦਲਾ ਲਊ ਨੀਤੀ ਅਧੀਨ ਕੀਤੀਆਂ ਗਈਆਂ ਕਾਰਵਾਈਆਂ ਅਤੇ ਦਰਜ ਕੀਤੇ ਗਏ ਪਰਚਿਆਂ ਦੀ ਘੋਰ ਨਿੰਦਾ ਕਰਦਿਆਂ ਇਹ ਪਰਚੇ ਵਾਪਸ ਲਏ ਜਾਣ ਦੀ ਮੰਗ ਕੀਤੀ ਗਈ, ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ “ਆਉਣ ਵਾਲੇ ਸਮੇਂ ਵਿਚ ਜੇਕਰ ਸਰਕਾਰ ਆਪਣੇ ਦਮਨਕਾਰੀ ਕਦਮ ਵਾਪਸ ਨਹੀਂ ਲੈਂਦੀ ਤਾਂ ਉਪਰੋਕਤ ਪਾਰਟੀਆਂ ਇਸ ਸੰਬੰਧੀ ਅਗਲੇ ਪ੍ਰੋਗਰਾਮ ਦਾ ਐਲਾਨ ਕਰਨਗੀਆਂ।  
ਪੰਜਾਬ ਕਾਂਗਰਸ ਦੀ ਪਹਿਲਕਦਮੀ ਤੇ ਬੁਲਾਈ ਗਈ ਇਸ ਮੀਟਿੰਗ ਵਿੱਚ ਇਨ੍ਹਾਂ  ਵਿਰੋਧੀ ਪਾਰਟੀਆਂ ਦੇ ਚੋਣਵੇਂ ਸੂਬਾਈ ਨੇਤਾ ਮੌਜੂਦ ਸਨ .