ਪੰਜਾਬ ਦੇ ਸਾਰੇ ਐਮਪੀਜ਼ ਧਰਤੀ ਹੇਠਲੇ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਦਾ ਮੁੱਦਾ ਪਾਰਲੀਮੈਂਟ ਵਿੱਚ ਗੰਭੀਰਤਾ ਨਾਲ ਉਠਾਉਣ : ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ, 2 ਫਰਵਰੀ : ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਸਾਰੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇੱਕਜੁਟਤਾ ਦੇ ਨਾਲ ਧਰਤੀ ਹੇਠਲੇ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਦਾ ਮੁੱਦਾ ਪਾਰਲੀਮੈਂਟ ਵਿੱਚ ਰੱਖਣ। ਸੰਤ ਸੀਚੇਵਾਲ ਅੱਜ ਨਿਰਮਲ ਕੁਟੀਆ ਸੀਚੇਵਾਲ ਵਿੱਚ ਮਨਾਏ ਗਏ ਕੌਮਾਂਤਰੀ ਜਲਗਾਹ ਦਿਵਸ ਅਤੇ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਥਾਪਨਾ ਦਿਵਸ ਦੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।  ਉਨ੍ਹਾਂ ਨੇ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਐਮਪੀਜ਼ ਨੂੰ ਅਪੀਲ ਕਰਦਿਆ ਕਿਹਾ ਕਿ ਸਾਲ 2039 ਤੱਕ ਪੰਜਾਬ ਦਾ ਪਾਣੀ 1000 ਫੁੱਟ ਡੂੰਘਾ ਚਲਿਆ ਜਾਵੇਗਾ। ਸਾਰੀਆਂ ਰਾਜਨੀਤਿਕ ਧਿਰਾਂ ਨੂੰ ਪਾਣੀਆਂ ਦੇ ਮੁੱਦੇ ’ਤੇ ਸਿਰ ਜੋੜਨ ਦੀ ਸਖਤ ਲੋੜ ਹੈ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਬਚਾ ਸਕੀਏ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਮਸਲਿਆਂ ਨੂੰ ਰਾਜਨੀਤੀ ਤੋਂ ਉਪਰ ਉਠਕੇ ਇੱਕਜੁਟਤਾ ਨਾਲ ਲੋਕ ਸਭਾ ਤੇ ਰਾਜ ਸਭਾ ਵਿੱਚ ਉਠਾਉਣ। ਉਨ੍ਹਾਂ ਕਿਹਾ ਕਿ ਪਾਣੀਆਂ ਦੇ ਪੱਖ ਤੋਂ ਪੰਜਾਬ ਬੜੇ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਦੇ ਚੱਲ ਰਹੇ ਬੱਜਟ ਸ਼ੈਸ਼ਨ ਦੌਰਾਨ ਪੰਜਾਬ ਦੇ ਸਾਰੇ ਮੈਂਬਰ ਪਾਣੀਆਂ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਉਠਾਉਣ। ਕੇਂਦਰੀ ਭੂ-ਜਲ ਬੋਰਡ ਦੀ ਪੰਜ ਸਾਲ ਪਹਿਲਾਂ ਆਈ ਰਿਪੋਰਟ ਦਾ ਹਵਾਲਾ ਦਿੰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਇਸ ਰਿਪੋਰਟ ਦੇ ਅੰਕੜੇ ਦੱਸਦੇ ਹਨ ਕਿ 2039 ਤੱਕ ਧਰਤੀ ਹੇਠਲਾ ਪਾਣੀ 1000 ਫੁੱਟ ਡੂੰਘਾ ਚਲਿਆ ਜਾਵੇਗਾ ਜਿਸ ਨਾਲ ਖੇਤੀ ਦਾ ਸੰਕਟ ਖੜਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਡੂੰਘਾ ਹੀ ਨਹੀਂ ਹੋ ਰਿਹਾ ਸਗੋਂ ਫੈਕਟਰੀਆਂ ਦੇ ਪ੍ਰਦੂਸ਼ਣ ਕਾਰਨ ਪਲੀਤ ਵੀ ਹੋ ਰਿਹਾ ਹੈ। ਦਰਿਆਵਾਂ ਤੇ ਨਦੀਆਂ ਵਿੱਚ ਵੀ ਫੈਕਟਰੀਆਂ ਦਾ ਜ਼ਹਿਰੀਲਾ ਤੇ ਗੰਦਾ ਪਾਣੀ ਬੇਰੋਕ ਟੋਕ ਪੈ ਰਿਹਾ ਹੈ। ਇਸ ਸਮਾਗਮ ਦੌਰਾਨ ਹੀ ਇਲਾਕੇ ਭਰ ਦੀਆਂ ਸੰਗਤਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਲੰਮੀ ਉਮਰ ਅਤੇ ਸਿਹਤਯਾਬੀ ਲਈ ਅਰਦਾਸ ਬੇਨਤੀ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਵਿਸ਼ਵ ਜਲਗਾਹ ਦਿਵਸ ਮੌਕੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਅਲੋਪ ਹੋ ਰਹੀਆਂ ਜਲਗਾਹਾਂ ਦੇ ਬਚਾਅ ਲਈ ਅੱਗੇ ਆਉਣ ਤਾਂ ਜੋ ਪਾਣੀਆਂ ਦੇ ਕੁਦਰਤੀ ਸੋਮਿਆ ਨੂੰ ਬਚਾਇਆ ਜਾ ਸਕੇ।