ਨਸ਼ੇ ਦੇ ਜੜ੍ਹ ਤੋਂ ਖ਼ਾਤਮੇ ਲਈ ਸਾਰੇ ਵਿਭਾਗ ਇਕਜੁੱਟਤਾ ਨਾਲ ਕਰਨ ਕੰਮ : ਕੋਮਲ ਮਿੱਤਲ

  • ਡਿਪਟੀ ਕਮਿਸ਼ਨਰ ਨੇ ਮਹੀਨਾਵਾਰ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
  • ਨਸ਼ੇ ਦੀ ਵਿਕਰੀ ਸਬੰਧੀ ਸੂਚਨਾ ਐਂਟੀ ਡਰੱਗ ਹੈਲਪਲਾਈਨ ਨੰਬਰ 95016 60318 ’ਤੇ ਦਿੱਤੀ ਜਾਵੇ, ਪਹਿਚਾਣ ਰੱਖੀ ਜਾਵੇਗੀ ਗੁਪਤ : ਐਸ.ਐਸ.ਪੀ ਚਾਹਲ
  • ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦੀ ਸਮੀਖਿਆ ਕੀਤੀ

ਹੁਸ਼ਿਆਰਪੁਰ, 15 ਸਤੰਬਰ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹੇ ਵਿਚ ਨਸ਼ੇ ਦੇ ਖ਼ਾਤਮੇ ਲਈ ਸਾਰੇ ਵਿਭਾਗ ਇਕਜੁੱਟਤਾ ਨਾਲ ਕੰਮ ਕਰਨ, ਤਾਂ ਜੋ ਸਮਾਜ ਵਿਚ ਫੈਲੇ ਇਸ ਜ਼ਹਿਰ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਉਨ੍ਹਾਂ ਸਕੂਲ ਸਿੱਖਿਆ ਵਿਭਾਗ, ਸਿਹਤ, ਡਰੱਗ ਕੰਟਰੋਲ, ਆਬਕਾਰੀ ਤੇ ਕਰ, ਪੁਲਿਸ ਵਿਭਾਗ ਤੋਂ ਇਲਾਵਾ ਹੋਰ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਪੱਧਰ ’ਤੇ ਨਸ਼ਿਆਂ ਨੂੰ ਰੋਕਣ ਸਬੰਧੀ ਹਰ ਜ਼ਰੂਰੀ ਕਾਰਵਾਈ ਅਮਲ ਵਿਚ ਲਿਆਉਣ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਮਹੀਨਾਵਾਰ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਲਾਲ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਐਕਸਾਈਜ਼ ਵਿਭਾਗ, ਡਰੱਗ ਇੰਸਪੈਕਟਰ ਅਤੇ ਪੁਲਿਸ ਨੂੰ ਸਾਂਝੇ ਤੌਰ ’ਤੇ ਮੈਡੀਕਲ ਸਟੋਰਾਂ ਦੀ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਨਸ਼ੇ ਦੇ ਖ਼ਾਤਮੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਕੋਈ ਕਸਰ ਬਾਕੀ ਨਹੀਂ ਛੱਡੇਗਾ ਅਤੇ ਹਰੇਕ ਜ਼ਰੂਰੀ ਕਦਮ ਉਠਾਏ ਜਾਣਗੇ। ਇਸ ਦੌਰਾਨ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਨੇ ਕਿਹਾ ਕਿ ਸਾਰੇ ਵਿਭਾਗਾਂ ਨੂੰ ਚੌਕਸ ਰਹਿੰਦੇ ਹੋਏ ਜਿਥੇ ਵੀ ਉਨ੍ਹਾਂ ਨੂੰ ਨਸ਼ੇ ਦੀ ਵਿਕਰੀ ਸਬੰਧੀ ਕੋਈ ਗੱਲ ਧਿਆਨ ਵਿਚ ਆਉਂਦੀ ਹੈ, ਤਾਂ ਉਹ ਪੁਲਿਸ ਵਿਭਾਗ ਵਲੋਂ ਚਲਾਏ ਜਾ ਰਹੇ ਐਂਟੀ ਡਰੱਗ ਹੈਲਪਲਾਈਨ ਨੰਬਰ 95016-60318 ’ਤੇ ਇਸ ਦੀ ਜਾਣਕਾਰੀ ਜ਼ਰੂਰੀ ਦੇਣ। ਉਨ੍ਹਾਂ ਦੱਸਿਆ ਕਿ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।  ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਿਹਤ ਅਧਿਕਾਰੀਆਂ ਨੂੰ ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਲੱਗਣ ਵਾਲੇ ਰੂਟੀਨ ਟੀਕਾਕਰਨ ਨੂੰ ਮਜ਼ਬੂਤ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਿਹਤ ਵਿਭਾਗ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਸਰਕਾਰੀ ਸਿਹਤ ਕੇਂਦਰਾਂ ਵਿਚ ਸੁਚਾਰੂ ਖੰਗ ਨਾਲ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਇਕ ਮੁਹਿੰਮ ਵਜੋਂ ਗਤੀਵਿਧੀਆਂ ਹੋਰ ਤੇਜ਼ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਰਾਹੀਂ ਲੋਕਾਂ ਤੱਕ ਬਿਹਤਰ ਢੰਗ ਨਾਲ ਸਿਹਤ ਸੁਵਿਧਾਵਾਂ ਪਹੁੰਚਾਉਣਾ ਯਕੀਨੀਬਣਾਇਆ ਜਾਵੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਗਰਭਵਤੀ ਔਰਤਾਂ ਦੀ ਡਿਲੀਵਰੀ ਵੱਧ ਤੋਂ ਵੱਧ ਸਰਕਾਰੀ ਹਸਪਤਾਲਾਂ ਵਿਚ ਕਰਵਾਉਣ ਲਈ ਗਤੀਵਿਧੀਆਂ ਹੋਰ ਤੇਜ਼ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਡਿਲੀਵਰੀ ਦੌਰਾਨ ਬੀ.ਪੀ.ਐਲ ਪਰਿਵਾਰਾਂ ਨਾਲ ਸਬੰਧਤ ਔਰਤਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਵੀ ਸੁਚਾਰੂ ਢੰਗ ਨਾਲ ਦਿੱਤੀ ਜਾਵੇ। ਉਨ੍ਹਾਂ ਡਰੱਗ ਐਂਡ ਕਾਸਮੈਟਿਕ ਐਕਟ ਤਹਿਤ ਮੈਡੀਕਲ ਸਟੋਰਾਂ ਦੀ ਜਾਂਚ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਊਣਤਾਈਆਂ ਸਾਹਮਣੇ ਆਉਣ ’ਤੇ ਸਖ਼ਤ ਐਕਸ਼ਨ ਲਿਆ ਜਾਵੇ। ਉਨ੍ਹਾਂ ਕਿਹਾ ਕਿ ਟੀ.ਬੀ ਦੀ ਬਿਮਾਰੀ ਸਬੰਧੀ ਵੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ ਅਤੇ ਇਸ ਤਰ੍ਹਾਂ ਦੇ ਮਰੀਜ਼ ਸਾਹਮਣੇ ਆਉਣ ’ਤੇ ਉਨ੍ਹਾਂ ਦਾ ਫੌਰੀ ਇਲਾਜ ਕੀਤਾ ਜਾਵੇ। ਡਿਪਟੀ ਕਮਿਸ਼ਨਰ ਕੋਮਲ ਮਿੱਤਲ  ਨੇ ਇਸ ਤੋਂ ਪਹਿਲਾਂ ਸਕੂਲ ਸਿੱਖਿਆ ਵਿਭਾਗ ਦੇ ਕੰਮਾਂ ਦੀ ਸਮੀਖਿਆ ਕਰਦੇ ਹੋਏ ਚੁਣੇ ਗਏ ਸਕੂਲ ਆਫ਼ ਐਮੀਨੈਂਸ ’ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਮਿਡ-ਡੇ-ਮੀਲ ਤਹਿਤ ਦਿੱਤੇ ਜਾ ਰਹੇ ਖਾਣੇ ਦੀ ਗੁਣਵੱਤਾ ਬਰਕਰਾਰ ਰੱਖਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਸਕੂਲਾਂ ਵਿਚ ਬਾਥਰੂਮਾਂ ਅਤੇ ਕਮਰਿਆਂ ਦੀ ਸਾਫ਼-ਸਫ਼ਾਈ ਤੋਂ ਇਲਾਵਾ ਹੋਰ ਸੁਵਿਧਾਵਾਂ ਵੀ ਯਕੀਨੀ ਬਣਾਈਆਂ ਜਾਣ, ਤਾਂ ਜੋ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵਧੀਆ ਮਾਹੌਲ ਦਿੱਤਾ ਜਾ ਸਕੇ। ਇਸ ਦੌਰਾਨ ਉਨ੍ਹਾਂ ਨੇ ਸਮੱਗਰ ਸਿੱਖਿਆ ਅਭਿਆਨ ਤੇ ਸਕੂਲ ਸਿੱਖਿਆ ਵਿਭਾਗ ਦੇ ਹੋਰ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਨਗਰ ਪ੍ਰੀਸ਼ਦਾਂ ਦੇ ਕਾਰਜਸਾਧਕ ਅਫ਼ਸਰਾਂ ਤੇ ਬੀ.ਡੀ.ਪੀ.ਓਜ਼ ਨੂੰ ਪੈਂਡਿੰਗ ਕੰਮ ਜਲਦ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਜਲ ਜੀਵਨ ਮਿਸ਼ਨ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਮਗਨਰੇਗਾ, ਸਮਾਰਟ ਵਿਲੇਜ ਕੰਪੇਨ, ਪੰਜਾਬ ਨਿਰਮਾਣ, ਯੂ.ਈ.ਆਈ.ਪੀ ਪ੍ਰੋਗਰਾਮ, ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ, ਪੋਸ਼ਣ ਅਭਿਆਨ, ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ, ਜੀ.ਐਸ.ਟੀ, ਐਕਸਾਈਜ਼, ਇੰਟੀਗੇ੍ਰੇਟਿਡ ਚਾਈਲਡ ਡਿਵੈਲਪਮੈਂਟ ਸਕੀਮ, ਬੇਟੀ ਬਚਾਓ-ਬੇਟੀ ਪੜ੍ਹਾਓ, ਵਨ ਸਟਾਪ ਸੈਂਟਰ, ਖੇਤੀਬਾੜੀ ਵਿਭਾਗ, ਸਮਾਰਟ ਰਾਸ਼ਨ ਕਾਰਡ, ਫੂਡ ਸੇਫਟੀ, ਸਹਿਕਾਰਤਾ ਵਿਭਾਗ, ਪਸ਼ੂ ਪਾਲਣ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ ਦੇ ਕੰਮਾਂ ਦੀ ਵੀ ਸਮੀਖਿਆ ਕੀਤੀ। ਇਸ ਮੌਕੇ ਆਈ.ਏ.ਐਸ ਅਧਿਕਾਰੀ ਦਿਵਿਆ.ਪੀ, ਐਸ.ਪੀ ਮਨਜੀਤ ਕੌਰ, ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤ ਇੰਦਰ ਸਿੰਘ ਬੈਂਸ, ਐਸ.ਡੀ.ਐਮ ਦਸੂਹਾ ਪ੍ਰਦੀਪ ਸਿੰਘ, ਜ਼ਿਲ੍ਹਾ ਵਿਕਾਸ ਫੈਲੋ ਜੋਇਆ ਸਦੀਕੀ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੌਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ, ਜੀ.ਐਮ ਜ਼ਿਲ੍ਹਾ ਉਦਯੋਗ ਕੇਂਦਰ ਅਰੁਣ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।