ਸ਼ਹਿਰ ਦੇ ਸਾਰੇ ਪਾਰਕਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ : ਜਿੰਪਾ

  • ਕੈਬਨਿਟ ਮੰਤਰੀ ਨੇ ‘ਬੀਟ ਪਲਾਸਟਿਕ ਪਲਿਊਸ਼ਨ’ ਮੁਹਿੰਮ ਦੀ ਕੀਤੀ ਸ਼ਲਾਘਾ
  • ਕਿਹਾ, ਵਾਤਾਵਰਨ ਨੂੰ ਸ਼ੁੱਧ ਰੱਖਣਾ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ

ਹੁਸ਼ਿਆਰਪੁਰ, 4 ਜੂਨ : ਕੈਬਨਿਟ ਮੰਤਰੀ ਬ੍ਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਵਾਤਾਵਰਨ ਨੂੰ ਸਾਫ਼ -ਸੁਥਰਾ ਰੱਖਣ ਲਈ ਨਗਰ ਨਿਗਮ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਸ਼ਹਿਰ ਦੇ ਸਾਰੇ ਪਾਰਕਾਂ ਦਾ ਸੁੰਦਰੀਕਰਨ ਕੀਤਾ ਜਾਵੇਗਾ।  ਉਹ ਅੱਜ ਸਥਾਨਕ ਗਰੀਨ ਵਿਊ ਪਾਰਕ ਵਿਖੇ ਵਿਸ਼ਵ ਵਾਤਾਵਰਨ ਦਿਵਸ ਮੌਕੇ ‘ਬੀਟ ਪਲਾਸਟਿਕ ਪਲਿਊਸ਼ਨ’ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਪੁੱਜੇ ਸਨ।  ਉਨ੍ਹਾਂ ਜਿੱਥੇ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਉੱਥੇ ਹੋਰਨਾਂ ਨੂੰ ਵੀ ਇਸ ਤੋਂ ਪ੍ਰੇਰਨਾ ਲੈਣ ਲਈ ਕਿਹਾ।  ਇਸ ਦੌਰਾਨ ਉਨ੍ਹਾਂ ਪਾਰਕ ਵਿੱਚ ਬੂਟੇ ਵੀ ਲਗਾਏ।  ਇਸ ਮੌਕੇ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਡਿਪਟੀ ਮੇਅਰ ਰਣਜੀਤ ਚੌਧਰੀ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਸਵੱਛ ਭਾਰਤ ਮਿਸ਼ਨ ਨਗਰ ਨਿਗਮ ਹੁਸ਼ਿਆਰਪੁਰ ਦੇ ਬ੍ਰਾਂਡ ਅੰਬੈਸਡਰ ਮਨੀ ਗੋਗੀਆ ਵੱਲੋਂ 'ਬੀਟ ਪਲਾਸਟਿਕ ਪਲਿਊਸ਼ਨ' ਨਾਮ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਹ 45 ਦਿਨਾਂ ਦੀ ਲੰਬੀ ਮੁਹਿੰਮ ਦਾ ਪਹਿਲਾ ਪੜਾਅ ਸੀ ਜੋ ਵਿਸ਼ਵ ਧਰਤੀ ਦਿਵਸ 'ਤੇ ਸ਼ੁਰੂ ਹੋਇਆ ਅਤੇ ਵਿਸ਼ਵ ਵਾਤਾਵਰਣ ਦਿਵਸ 'ਤੇ ਸਮਾਪਤ ਹੋਇਆ।  ਇਸ ਮੁਹਿੰਮ ਤਹਿਤ ਈਕੋ-ਇੱਟਾਂ ਬਣਾਈਆਂ ਗਈਆਂ ਹਨ, ਜੋ ਕਿ ਸਿੰਗਲ-ਯੂਜ਼ ਪਲਾਸਟਿਕ ਵੇਸਟ ਨੂੰ ਬੋਤਲਾਂ ਵਿੱਚ ਪਾ ਕੇ ਬਣਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਬਾਅਦ ਵਿੱਚ ਸਜਾਵਟ ਵਜੋਂ ਵਰਤਿਆ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਰੱਖਣਾ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਹੈ।  ਉਨ੍ਹਾਂ ਕਿਹਾ ਕਿ ਅੱਜ ਸਮੁੱਚਾ ਵਿਸ਼ਵ ਵਾਤਾਵਰਨ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ, ਜੋ ਕਿ ਅਜੋਕੇ ਸਮੇਂ ਦੀ ਮੁੱਖ ਲੋੜ ਵੀ ਹੈ।  ਉਨ੍ਹਾਂ ਕਿਹਾ ਕਿ ਵਾਤਾਵਰਨ ਸੰਭਾਲ ਦੇ ਅਜਿਹੇ ਕੰਮਾਂ ਵਿੱਚ ਪੰਜਾਬ ਸਰਕਾਰ ਅਜਿਹੀਆਂ ਸੰਸਥਾਵਾਂ ਦਾ ਹਮੇਸ਼ਾ ਸਹਿਯੋਗ ਕਰੇਗੀ। ਇਸ ਦੌਰਾਨ ਉਨ੍ਹਾਂ ਸਵੱਛਤਾ ਬਿਨ ਸੇਵਾ ਧਰਮ ਸੇਵਾ ਸੁਸਾਇਟੀ ਦੇ ਮੁਖੀ ਅਸ਼ੋਕ ਸ਼ਰਮਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ, ਇਸ ਮੌਕੇ ਵਰਿੰਦਰ ਸ਼ਰਮਾ ਬਿੰਦੂ, ਚਰਨਜੀਤ ਯਾਦਵ, ਸੰਤੋਸ਼ ਸੈਣੀ, ਅਮਿਤ ਸ਼ਰਮਾ, ਅਤੁਲ ਜੈਰਥ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।