ਆਯੂਸ਼ਮਾਨ ਭਵ’ ਸੇਵਾ ਪੰਦਰਵਾੜੇ ਦਾ ਉਦੇਸ਼ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ : ਡਿਪਟੀ ਕਮਿਸ਼ਨਰ

  • ਕਿਹਾ, 2 ਅਕਤੂਬਰ ਨੂੰ ਜ਼ਿਲ੍ਹੇ ’ਚ ਆਯੂਸ਼ਮਾਨ ਗ੍ਰਾਮ ਸਭਾ ਦਾ ਹੋਵੇਗਾ ਆਯੋਜਨ

ਹੁਸ਼ਿਆਰਪੁਰ, 23 ਸਤੰਬਰ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਵੱਲੋਂ 13 ਸਤੰਬਰ ਨੂੰ ਰਾਸ਼ਟਰੀ ਪੱਧਰ ’ਤੇ ਸ਼ੁਰੂ ਕੀਤਾ ਗਿਆ ‘ਆਯੂਸ਼ਮਾਨ ਭਵ’ ਪ੍ਰੋਗਰਾਮ ਜ਼ਿਲ੍ਹੇ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ 2 ਅਕਤੂਬਰ ਤੱਕ ਚੱਲਣ ਵਾਲੇ ਇਸ ਸੇਵਾ ਪੰਦਰਵਾੜੇ ਵਿਚ ਸਫ਼ਾਈ ਅਭਿਆਨ, ਅੰਗਦਾਨ ਦੀ ਸਹੁੰ ਚੁੱਕਣ ਅਤੇ ਖ਼ੂਨਦਾਨ ਕੈਂਪ ਆਦਿ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਦਾ ਮੁੱਖ ਉਦੇਸ਼ ਪੰਜ ਸਾਲ ਤੋਂ ਵੱਧ ਉਮਰ ਦੇ ਹਰੇਕ ਬੱਚੇ ਲਈ ਆਈ.ਡੀ ਤਿਆਰ ਕਰਨਾ ਅਤੇ 30 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਦੀ 100 ਫੀਸਦੀ ਬੀ. ਪੀ ਅਤੇ ਸ਼ੂਗਰ ਦੀ ਜਾਂਚ ਨੂੰ ਯਕੀਨੀ ਬਣਾਉਣਾ ਹੈ। ਇਸ ਦੇ ਲਈ ਹੈਲਥ ਵੈੱਲਨੈਸ ਸੈਂਟਰ ਵਿਖੇ ਹਰ ਸ਼ਨੀਵਾਰ ਨੂੰ ਸਿਹਤ ਮੇਲਾ ਲਗਾਇਆ ਜਾ ਰਿਹਾ ਹੈ, ਜਿਸ ਵਿਚ ਟੀ.ਬੀ 100 ਫੀਸਦੀ ਪਾਜ਼ੀਟਿਵ ਮਰੀਜ਼ਾਂ ਨੂੰ ਮੁਫਤ ਦਵਾਈ/ਇਲਾਜ ਯਕੀਨੀ ਬਣਾਇਆ ਜਾਵੇਗਾ ਅਤੇ ਮਰੀਜ਼ਾਂ ਦੀ ਸਿਹਤਯਾਬੀ ਨੂੰ ਯਕੀਨੀ ਬਣਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਗੈਰ ਸੰਚਾਰੀ ਬਿਮਾਰੀਆਂ ਦੇ ਮਰੀਜ਼ਾਂ ਨੂੰ ਦਵਾਈਆਂ ਦੀ 100 ਫੀਸਦੀ ਉਪਲੱਬਧਤਾ ਯਕੀਨੀ ਬਣਾ ਕੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪਿੰਡ ਪੱਧਰ ’ਤੇ ਸਿਹਤ ਮੇਲੇ ਲਗਾਏ ਜਾਣਗੇ। ਇਸ ਦੌਰਾਨ ਹਾਜ਼ਰ ਲੋਕਾਂ ਵੱਲੋਂ ਅੰਗਦਾਨ ਕਰਨ ਦਾ ਪ੍ਰਣ ਵੀ ਲਿਆ ਜਾਵੇਗਾ। ਕੋਮਲ ਮਿੱਤਲ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਪੇਂਡੂ ਪੱਧਰ ’ਤੇ ਆਸ਼ਾ ਵਰਕਰਾਂ, ਏ.ਐਨ.ਐਮਜ਼ ਅਤੇ ਸੀ.ਐਚ.ਓਜ਼ ਰਾਹੀਂ ਆਮ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਲੈ ਸਕਣ। ਉਨ੍ਹਾਂ ਦੱਸਿਆ ਕਿ ਸੇਵਾ ਪੰਦਰਵਾੜੇ ਦੌਰਾਨ ਜਿਥੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਟੀ.ਬੀ ਦੇ ਮਰੀਜ਼ਾਂ ਨੂੰ ਰਾਸ਼ਨ ਕਿੱਟਾਂ, ਸਫਾਈ ਕਿੱਟਾਂ ਅਤੇ ਗੱਦੇ ਵੰਡੇ ਗਏ ਹਨ, ਉਥੇ ਸਮੇਂ-ਸਮੇਂ ’ਤੇ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਵਿਭਾਗ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 2 ਅਕਤੂਬਰ ਨੂੰ ਪਿੰਡਾਂ ਦੇ ਸਰਪੰਚਾਂ ਅਤੇ ਸ਼ਹਿਰੀ ਖੇਤਰਾਂ ਦੇ ਕੌਂਸਲਰਾਂ ਵੱਲੋਂ ਆਯੂਸ਼ਮਾਨ ਗ੍ਰਾਮ ਸਭਾਵਾਂ ਕਰਵਾਈਆਂ ਜਾਣਗੀਆਂ, ਜਿਸ ਵਿਚ ਸਿਹਤ ਵਿਭਾਗ ਦੇ ਨੁਮਾਇੰਦੇ ਭਾਗ ਲੈਣਗੇ ਅਤੇ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਿਹਤ ਸਕੀਮਾਂ/ਪ੍ਰੋਗਰਾਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ।