ਵਧੀਕ ਡਿਪਟੀ ਕਮਿਸ਼ਨਰ ਨੇ ਸੈਂਪਲ ਫੇਲ ਹੋਣ ‘ਤੇ 2 ਦੁਕਾਨਦਾਰਾਂ ਨੂੰ ਕੀਤੇ 55 ਹਜ਼ਾਰ ਰੁਪਏ ਦੇ ਜ਼ੁਰਮਾਨੇ

ਨਵਾਂਸਹਿਰ, 31 ਅਕਤੂਬਰ : ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਫੂਡ ਸੇਫਟੀ ਅਤੇ ਸਟੈਂਡਰਡ ਐਕਟ-2006 ਅਤੇ ਰੂਲਜ਼ 2011 ਦੇ ਤਹਿਤ ਖਾਣ ਪੀਣ ਦੀਆਂ ਵਸਤਾਂ ਦੇ ਸੈਂਪਲ ਫੇਲ ਹੋਣ ‘ਤੇ 2 ਦੁਕਾਨਦਾਰਾਂ ਨੂੰ 55 ਹਜ਼ਾਰ ਰੁਪਏ ਦੇ ਜ਼ੁਰਮਾਨੇ ਕੀਤੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਇਸ ਮਹੀਨੇ ਵੱਖ-ਵੱਖ ਖਾਣ ਪੀਣ ਦੀਆਂ ਦੁਕਾਨਾਂ ਤੋਂ 25 ਸੈਂਪਲ ਲਏ ਗਏ ਸਨ। ਇਨ੍ਹਾਂ ਵਿਚੋਂ 2 ਸੈਂਪਲ ਫੇਲ ਪਾਏ ਗਏ ਹਨ। ਇਸ ‘ਤੇ ਕਾਰਵਾਈ ਕਰਦੇ ਹੋਏ 2 ਦੁਕਾਨਦਾਰਾਂ ਨੂੰ 55 ਹਜ਼ਾਰ ਰੁਪਏ ਜ਼ੁਰਮਾਨਾਂ ਕੀਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤਿਊਹਾਰਾਂ ਦੇ ਸੀਜ਼ਨ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਕਿਸੇ ਤਰ੍ਹਾਂ ਦਾ ਮਿਲਾਵਟੀ ਖਾਣ ਪੀਣ ਦਾ ਸਮਾਨ ਨਾ ਵੇਚਿਆ ਜਾਵੇ। ਇਸਦੇ ਲਈ ਸਮੇਂ ਸਮੇਂ ‘ਤੇ ਖਾਣ ਪੀਣ ਦੀਆਂ ਦੁਕਾਨਾਂ ਤੋਂ ਸੈਂਪਲ ਭਰੇ ਜਾਣ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਸਾਫ ਸੁਥਰਾ ਅਤੇ ਵਧੀਆ ਕੁਆਲਿਟੀ ਦਾ ਸਮਾਨ ਹੀ ਦੁਕਾਨਾਂ ‘ਤੇ ਵੇਚਿਆ ਜਾਵੇ। ਜੇਕਰ ਕਿਸੇ ਦੁਕਾਨ ਦੇ ਖਾਣ ਪੀਣ ਦੇ ਸੈਂਪਲ ਫੇਲ ਪਾਏ ਜਾਂਦੇ ਹਨ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ‘ਤੇ ਫੂਡ ਸੇਫਟੀ ਅਫ਼ਸਰ ਵਿਕਰਮ ਜੀਤ ਸਿੰਘ ਅਤੇ ਸੰਗੀਤਾ ਸਹਿਦੇਵ ਵੀ ਮੌਜੂਦ ਸਨ।