ਆਮ ਆਦਮੀ ਕਲੀਨਿਕ ਸਿਹਤ ਖੇਤਰ ’ਚ ਕ੍ਰਾਂਤੀ ਦੇ ਸੂਚਕ : ਵਧੀਕ ਡਿਪਟੀ ਕਮਿਸ਼ਨਰ 

  • ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਸੂਬੇ ਦੇ ਸਿਹਤ ਖੇਤਰ ਵਿਚ ਵੱਡੀ ਪੁਲਾਂਘ: ਹਲਕਾ ਇੰਚਾਰਜ ਬੰਗਾ ਕੁਲਜੀਤ ਸਿੰਘ ਸਰਹਾਲ*
  • ਬੰਗਾ ਤੇ ਬਲਾਚੌਰ ਵਿਖੇ ਆਮ ਆਦਮੀ ਕਲੀਨਿਕਾਂ ਦੀ ਰਸਮੀ ਸ਼ੁਰੂਆਤ

ਬੰਗਾ, 2 ਮਾਰਚ : ਪੰਜਾਬ ਸਰਕਾਰ ਵੱਲੋਂ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਬਣਾਉਣ ਦੀ ਆਪਣੀ ਵਚਨਬੱਧਤਾ ਤਹਿਤ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇੇ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ, ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਦੋ ਹੋਰ ਨਵੇਂ ਆਮ ਆਦਮੀ ਕਲੀਨਿਕ ਲੋਕ ਸੇਵਾ ’ਚ ਅਰਪਿਤ ਕੀਤੇ ਗਏ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਬੰਗਾ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੇ ਬੰਗਾ ਦੇ ਅੰਬੇਡਕਰ ਨਗਰ ਵਾਰਡ ਨੰਬਰ-10 ਵਿਖੇ ਨਵੇਂ ਬਣੇ ਆਮ ਆਦਮੀ ਕਲੀਨਿਕ ਦਾ ਸਾਂਝੇ ਤੌਰ 'ਤੇ ਰਿਬਨ ਕੱਟ ਕੇ ਰਸਮੀ ਉਦਘਾਟਨ ਕਰਦਿਆਂ ਕੀਤਾ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਹਲਕਾ ਬੰਗਾ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਇਆ ਕਰਵਾਉਣ ਲਈ ਵਚਨਵੱਧ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ, ਜਿਨਾਂ ਵਿੱਚ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਹੀ ਮੁਫਤ ਇਲਾਜ ਦੀ ਸੁਵਿਧਾ ਉਪਲਬਧ ਹੋਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਸੂਬੇ ਦੇ ਸਿਹਤ ਖੇਤਰ ਵਿਚ ਵੱਡੀ ਪੁਲਾਂਘ ਹਨ। ਇਨ੍ਹਾਂ ਕਲੀਨਿਕਾਂ ਦੇ ਸ਼ੁਰੂ ਹੋਣ ਨਾਲ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਵਿੱਚ ਮਿਸਾਲੀ ਸੁਧਾਰ ਹੋਏ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਦੱਸਿਆ ਕਿ ਬੰਗਾ ਤੋਂ ਇਲਾਵਾ ਅੱਜ ਜ਼ਿਲ੍ਹੇ ਦੇ ਬਲਾਚੌਰ ਵਿੱਚ ਵੀ ਆਮ ਆਦਮੀ ਕਲੀਨਿਕ ਨੂੰ ਲੋਕਾਂ ਦੀ ਸੇਵਾ ’ਚ ਅਰਪਿਤ ਕੀਤਾ ਗਿਆ ਹੈ। ਜ਼ਿਲ੍ਹੇ ਵਿੱਚ 17 ਆਮ ਆਦਮੀ ਕਲੀਨਿਕ ਪਹਿਲਾਂ ਹੀ ਕਾਰਜਸ਼ੀਲ ਹਨ। ਦੋ ਨਵੇਂ ਆਮ ਆਦਮੀ ਕਲੀਨਿਕ ਖੁੱਲ੍ਹਣ ਨਾਲ ਜ਼ਿਲ੍ਹੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਕੁੱਲ ਗਿਣਤੀ 19 ਹੋ ਗਈ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ 80 ਤਰ੍ਹਾਂ ਦੀਆਂ ਦਵਾਈਆਂ ਉਪਲਬਧ ਕਰਵਾਉਣ ਤੋਂ ਇਲਾਵਾ 37 ਤਰ੍ਹਾਂ ਦੇ ਲੈਬ ਟੈਸਟ ਮੁਫ਼ਤ ਕੀਤੇ ਜਾਣਗੇ। ਹਰ ਆਮ ਆਦਮੀ ਕਲੀਨਿਕ ਵਿਚ ਇਕ ਮੈਡੀਕਲ ਅਫਸਰ, ਇਕ ਫਰਮਾਸਿਸਟ, ਇਕ ਕਲੀਨਿਕਲ ਸਹਾਇਕ ਤਾਇਨਾਤ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਨੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਲੰਬਾ ਇੰਤਜ਼ਾਰ ਕਰਨ ਦੀ ਪ੍ਰੇਸ਼ਾਨੀ ਨੂੰ ਘਟਾ ਦਿੱਤਾ ਹੈ। ਆਮ ਆਦਮੀ ਕਲੀਨਿਕਾਂ ਦੇ ਖੁੱਲ੍ਹਣ ਨਾਲ਼ ਜਿੱਥੇ ਸਰਕਾਰੀ ਹਸਪਤਾਲਾਂ ਵਿੱਚ ਓਪੀਡੀ ਦਾ ਦਬਾਅ ਪਹਿਲਾਂ ਨਾਲੋਂ ਘਟਿਆ ਹੈ, ਉੱਥੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਫ਼ਤ ਇਲਾਜ, ਮੁਫ਼ਤ ਦਵਾਈਆਂ ਅਤੇ ਮੁਫ਼ਤ ਲੈਬ ਟੈਸਟ ਦੀ ਸਹੂਲਤ ਮਿਲ ਰਹੀ ਹੈ। ਉਨ੍ਹਾਂ ਹੋਰ ਦੱਸਿਆ ਕਿ ਇਹ ਆਮ ਆਦਮੀ ਕਲੀਨਿਕ ਸਿਹਤ ਖੇਤਰ ’ਚ ਕ੍ਰਾਂਤੀ ਦੇ ਸੂਚਕ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਐਸ.ਐਮ.ਓ. ਡਾ: ਜਸਵਿੰਦਰ ਸਿੰਘ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਰਾਕੇਸ਼ ਪਾਲ, ਡਾ: ਹਰਜਿੰਦਰ ਕੁਮਾਰ, ਬੀ ਈ ਈ ਹਰਪ੍ਰੀਤ ਸਿੰਘ ਸਮੇਤ ਹੋਰ ਸਿਹਤ ਸਟਾਫ ਮੌਜੂਦ ਸਨ।