10 ਸਾਲ ਪਹਿਲਾਂ ਜਾਰੀ ਕੀਤੇ ਆਧਾਰ ਕਾਰਡ ਅੱਪਡੇਟ ਕਰਵਾਏ ਜਾਣੇ ਯਕੀਨੀ ਬਣਾਏ ਜਾਣ : ਭਾਵਨਾ ਗਰਗ

  • ਡਿਪਟੀ ਡਾਇਰੈਕਟਰ ਜਨਰਲ ਨੇ ਜ਼ਿਲ੍ਹੇ ਵਿਚ ਆਧਾਰ ਪ੍ਰੋਜੈਕਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ 

ਹੁਸ਼ਿਆਰਪੁਰ, 29 ਨਵੰਬਰ :  ਡਿਪਟੀ ਡਾਇਰੈਕਟਰ ਜਨਰਲ ਯੂ. ਆਈ. ਡੀ. ਏ. ਆਈ ਭਾਵਨਾ ਗਰਗ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਵਿਚ ਆਧਾਰ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਆਧਾਰ ਦੀ ਵੱਧ ਰਹੀ ਵਰਤੋਂ ਅਤੇ ਭਾਰਤ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਬਾਰੇ ਵੀ ਚਰਚਾ ਕੀਤੀ ਗਈ।  ਮੀਟਿੰਗ ਦੌਰਾਨ ਭਾਵਨਾ ਗਰਗ ਨੇ ਦੱਸਿਆ ਕਿ ਸਰਕਾਰ ਨੇ ਭਾਰਤ ਵਾਸੀਆਂ ਦੇ ਆਧਾਰ ਨੂੰ ਉਨ੍ਹਾਂ ਦੇ ਨਵੀਨਤਮ ਪਛਾਣ ਦੇ ਸਬੂਤ ਅਤੇ ਪਤੇ ਦੇ ਸਬੂਤ ਨੂੰ ਅਪਡੇਟ ਕਰਕੇ ਮਜ਼ਬੂਤਕਰਨ ਲਈ ਇਕ ਅਭਿਆਸ ਸ਼ੁਰੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨਾਗਰਕਿ ਨੇ 2015 ਤੋਂ ਪਹਿਲਾਂ ਆਧਾਰ ਲਈ ਨਾਮ ਦਰਜ ਕਰਵਾਇਆ ਸੀ ਅਤੇ ਇਸ ਨੂੰ ਇਕ ਵਾਰ ਵੀ ਅਪਡੇਟ ਨਹੀਂ ਕੀਤਾ ਹੈ ਤਾਂ ਉਹ ਨੇੜਲੇ ਆਧਾਰ ਕੇਂਦਰ 'ਤੇ ਜ਼ਰੂਰੀ ਦਸਤਾਵੇਜ਼ ਲਿਜਾ ਕੇ ਆਧਾਰ ਨੂੰ ਅੱਪਡੇਟ ਕਰਵਾਉਣ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਹੂਲਤ ਯੂ.ਆਈ.ਡੀ.ਏ.ਆਈ ਦੀਆਂ ਆਨਲਾਈਨ ਸੇਵਾਵਾਂ ਰਾਹੀਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਇਹ 14 ਦਸੰਬਰ, 2023 ਤੱਕ ਮੁਫਤ ਹੈ।  ਇਸ ਮੌਕੇ ਉਨ੍ਹਾਂ ਆਧਾਰ ਵਿਚ ਮੋਬਾਈਲ ਨੰਬਰ ਰਜਿਸਟਰਡ ਹੋਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਕਿਉਂਕਿ ਨਿਵਾਸੀ https://myaadhaaruidai.gov.in/ 'ਤੇ ਲੌਗਇਨ ਕਰਕੇ ਜਾਂ ਯੂ.ਆਈ.ਡੀ.ਏ.ਆਈ. ਦੀ ਐਪ ਆਧਾਰ ਐਪਲੀਕੇਸ਼ਨ ਰਾਹੀਂ ਆਨਲਾਈਨ ਆਧਾਰ ਸੇਵਾਵਾਂ ਦਾ ਲਾਭ ਲੈ ਸਕਦਾ ਹੈ। ਕਿਉਂਕਿ ਆਧਾਰ ਪਛਾਣ ਦੇ ਸਭ ਤੋਂ ਵੱਧ ਪ੍ਰਵਾਨਿਤ ਸਬੂਤ ਵਜੋਂ ਉਭਰਿਆ ਹੈ, ਬਾਇਓਮੀਟ੍ਰਿਕ ਪ੍ਰਮਾਣੀਕਰਣ ਦੁਆਰਾ ਇਕ ਨਿਵਾਸੀ ਦੀ ਪਛਾਣ ਕਰਨ ਦੇ ਪ੍ਰਬੰਧਾਂ ਦੇ ਨਾਲ, ਨਿਵਾਸੀ ਆਪਣੇ ਬਾਇਓਮੈਟ੍ਰਿਕਸ ਨੂੰ ਆਨਲਾਈਨ ਲਾਕ ਕਰਕੇ ਸੁਰੱਖਿਅਤ ਢੰਗ ਨਾਲ ਇਸ ਦੀ ਵਰਤੋਂ ਕਰਨ ਦੇ ਯੋਗ ਹੋਣਗੇ।