ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ 54 ਫੀਸਦੀ ਵੋਟ ਹੋਈ ਪੋਲ  

ਜਲੰਧਰ, 10 ਮਈ : ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਨਿੱਕ-ਸੁੱਕ ਘਟਨਾਵਾਂ ਦੌਰਾਨ ਅਮਾਨ ਅਮਾਨ ਨਾਲ ਨੇਪਰੇ ਚੜ੍ਹ ਗਈ। ਹਲਕੇ ਦੇ ਕੁੱਲ 16,21,800 ਵੋਟਰਾਂ ’ਚੋਂ ਸਿਰਫ 54 ਫੀਸਦੀ ਨੇ ਹੀ ਚੋਣ ਮੈਦਾਨ ’ਚ ਖੜ੍ਹੇ 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨ ਲਈ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਬੁੱਧਵਾਰ ਨੂੰ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋ ਗਿਆ ਸੀ ਅਤੇ 8 ਵਜੇ ਤੋਂ ਪਹਿਲਾਂ ਹੀ ਵੋਟਰ ਪੋਲਿੰਗ ਬੂਥਾਂ ਅੰਦਰ ਕਤਾਰਾਂ ’ਚ ਲੱਗ ਚੁੱਕੇ ਸਨ। ਬੇਸ਼ੱਕ ਚੋਣ ਪ੍ਰਚਾਰ ਦੌਰਾਨ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵੱਡੇ-ਵੱਡੇ ਆਗੂਆਂ ਨੇ ਆਪੋ-ਆਪਣੇ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ ਅਤੇ ਵੋਟਰਾਂ ਨੂੰ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਅਪੀਲਾਂ ਵੀ ਕੀਤੀਆਂ ਪਰ ਲੋਕਾਂ ’ਚ ਜ਼ਿਮਨੀ ਚੋਣ ਲਈ ਵੋਟ ਪਾਉਣ ਦਾ ਰੁਝਾਨ ਮੱਠਾ ਰਿਹਾ। ਵੋਟਰਾਂ ’ਚ ਇਸ ਚੋਣ ਲਈ ਉਤਸ਼ਾਹ ਘੱਟ ਵੇਖਣ ਨੂੰ ਮਿਲਿਆ ਤੇ ਵੋਟਾਂ ਦਾ ਕੰਮ ਸੁਸਤ ਰਫ਼ਤਾਰ ਨਾਲ ਚੱਲਿਆ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀ ਵੋਟਰ ਸੂਚੀ ਅਨੁਸਾਰ ਜ਼ਿਲ੍ਹੇ ਵਿੱਚ 8,44,904 ਪੁਰਸ਼ ਵੋਟਰ ਅਤੇ 7,76,855 ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ 41 ਤੀਜੇ ਲਿੰਗ ਦੇ ਵੋਟਰ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਮਾਡਲ ਅਤੇ ਕੇਵਲ ਔਰਤਾਂ ਲਈ ਪੋਲਿੰਗ ਸਟੇਸ਼ਨ ਵੀ ਬਣਾਏ ਗਏ ਹਨ। ਇਸ ਤੋਂ ਇਲਾਵਾ ਗੁਲਾਬ ਦੇਵੀ ਰੋਡ 'ਤੇ ਸਥਿਤ ਪਿੰਗਲਵਾੜਾ ਵਿਖੇ ਵਿਸ਼ੇਸ਼ ਬੂਥ ਬਣਾਇਆ ਗਿਆ ਹੈ | ਜਿੱਥੇ ਦਿਵਿਆਂਗ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ।