ਜ਼ਿਲ੍ਹੇ ਦੀਆਂ ਬੈਂਕਾਂ ਵੱਲੋਂ ਕਰਜ਼ਾ ਯੋਜਨਾ ਸਾਲ 2023-24 ਤਹਿਤ 4783.35 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ : ਕੋਮਲ ਮਿੱਤਲ

  • ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੌਰਾਨ ਬੈਂਕਾਂ ਦੀ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ
  • ਬੈਂਕਾਂ ਨੂੰ ਸੀ. ਡੀ. ਰੇਸ਼ੋ ਵਧਾਉਣ ਅਤੇ ਲੋੜਵੰਦਾਂ ਨੂੰ ਵੱਧ ਤੋਂ ਵੱਧ ਕਰਜ਼ੇ ਦੇਣ ਦੀ ਕੀਤੀ ਹਦਾਇਤ

ਹੁਸ਼ਿਆਰਪੁਰ, 27 ਦਸੰਬਰ : ਜ਼ਿਲ੍ਹੇ ਦੀਆਂ ਬੈਂਕਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਸਲਾਹਕਾਰ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਜਾਇਜ਼ਾ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿਚ ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਹੈੱਡ ਸੰਜੀਵ ਕੁਮਾਰ, ਚੀਫ ਲੀਡ ਜ਼ਿਲ੍ਹਾ ਮੈਨੇਜਰ ਰਾਜੇਸ਼ ਜੋਸ਼ੀ, ਐਲ. ਡੀ. ਓ ਰਿਜ਼ਰਵ ਬੈਂਕ ਸੰਜੀਵ ਸਿੰਘ, ਡੀ. ਡੀ. ਐਮ ਨਾਬਾਰਡ ਰਜਤ ਛਾਬੜਾ, ਡਾਇਰੈਕਟਰ ਆਰ. ਸੇਟੀ ਰਜਿੰਦਰ ਕੁਮਾਰ ਭਾਟੀਆ ਤੋਂ ਇਲਾਵਾ 29 ਵੱਖ-ਵੱਖ ਬੈਂਕਾਂ ਦੇ ਨੁਮਾਇੰਦੇ ਅਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਬੈਂਕਾਂ ਵੱਲੋਂ ਕਰਜ਼ਾ ਯੋਜਨਾ ਸਾਲ 2023-24 ਤਹਿਤ ਸਤੰਬਰ 2023 ਤੱਕ ਕੁੱਲ 4783.35 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ ਹਨ, ਜਿਨ੍ਹਾਂ ਵਿਚੋਂ ਤਰਜੀਹੀ ਖੇਤਰ ਵਿਚ 3421.12 ਕਰੋੜ ਰੁਪਏ ਅਤੇ ਗੈਰ-ਤਰਜੀਹੀ ਖੇਤਰ ਵਿਚ 1362.23 ਕਰੋੜ ਰੁਪਏ ਦੇ ਕਰਜ਼ੇ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਤਰਜੀਹੀ ਖੇਤਰ ਵਿਚ 1651.59 ਕਰੋੜ ਰੁਪਏ ਖੇਤੀਬਾੜੀ ਲਈ, 1620.41 ਕਰੋੜ ਰੁਪਏ ਗੈਰ-ਖੇਤੀ ਸੈਕਟਰ ਲਈ, 149.12 ਕਰੋੜ ਰੁਪਏ ਹੋਰਨਾਂ ਤਰਜੀਹੀ ਖੇਤਰਾਂ ਨੂੰ ਕਰਜ਼ੇ ਵਜੋਂ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਬੈਂਕਾਂ ਨੂੰ ਸੀ. ਡੀ. ਰੇਸ਼ੋ ਵਧਾਉਣ ਵੱਲ ਧਿਆਨ ਦੇਣ ਦੀ ਹਦਾਇਤ ਕੀਤੀ, ਤਾਂ ਜੋ ਵੱਧ ਤੋਂ ਵੱਧ ਲੋਕ, ਖਾਸ ਤੌਰ ’ਤੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਲੋਕ ਕਰਜ਼ੇ ਪ੍ਰਾਪਤ ਕਰਕੇ ਆਰਥਿਕ ਧੰਦੇ ਸ਼ੁਰੂ ਕਰਕੇ ਆਪਣੀ ਜੀਵਨ ਪੱਧਰ ਉੱਚਾ ਚੁੱਕ ਸਕਣ। ਉਨ੍ਹਾਂ ਸਵੈ-ਸਹਾਇਤਾ ਸਮੂਹਾਂ ਨੂੰ ਵੀ ਵੱਧ ਤੋਂ ਵੱਧ ਕਰਜ਼ੇ ਦੇਣ ਅਤੇ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦੇਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਖੇਤੀ ਤੇ ਛੋਟੇ ਉਦਯੋਗ-ਧੰਦਿਆਂ, ਸੇਵਾ ਖੇਤਰ, ਸਰਕਾਰੀ ਪ੍ਰੋਗਰਾਮਾਂ ਤਹਿਤ ਕਰਜ਼ੇ ਦੇਣ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਲਈ ਵੀ ਕਿਹਾ। ਉਨ੍ਹਾਂ ਬੈਂਕਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਧੀਨ ਵੱਧ ਤੋਂ ਵੱਧ ਗ਼ਰੀਬ ਲੋਕਾਂ ਦਾ ਬੀਮਾ ਕੀਤਾ ਜਾਵੇ। ਸਰਕਲ ਹੈੱਡ ਸੰਜੀਵ ਕੁਮਾਰ ਨੇ ਇਸ ਮੌਕੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਬੈਂਕਾਂ ਵਿਚ ਜਮ੍ਹਾ ਰਾਸ਼ੀਆਂ, ਜੋ ਕਿ ਸਤੰਬਰ 2022 ਵਿਚ 39346 ਕਰੋੜ ਰੁਪਏ ਸਨ, ਉਹ ਸਤੰਬਰ 2023 ਵਿਚ ਵੱਧ ਕੇ 42843 ਕਰੋੜ ਰੁਪਏ ਹੋ ਗਈਆਂ ਹਨ। ਇਸੇ ਤਰ੍ਹਾਂ ਬੈਂਕਾਂ ਵੱਲੋਂ ਦਿੱਤੇ ਕੁੱਲ ਕਰਜ਼ੇ ਦੀ ਰਕਮ, ਜੋ ਕਿ ਸਤੰਬਰ 2022 ਵਿਚ 11117 ਕਰੋੜ ਰੁਪਏ ਸੀ, ਸਤੰਬਰ 2023 ਵਿਚ ਵੱਧ ਕੇ 12137 ਕਰੋੜ ਰੁਪਏ ਹੋ ਗਈ ਹੈ। ਚੀਫ ਲੀਡ ਜ਼ਿਲ੍ਹਾ ਮੈਨੇਜਰ ਰਾਜੇਸ਼ ਜੋਸ਼ੀ ਨੇ ਇਸ ਮੌਕੇ ਦੱਸਿਆ ਕਿ ਜ਼ਿਲ੍ਹੇ ਦੇ ਬੈਂਕਾਂ ਵੱਲੋਂ 3448 ਕਿਸਾਨਾਂ ਨੂੰ 93.99 ਕਰੋੜ ਰੁਪਏ ਦੇ ਕਿਸਾਨ ਕਾਰਡ ਜਾਰੀ ਕੀਤੇ ਗਏ ਹਨ। ਇਸ ਮੌਕੇ ਡੀ. ਡੀ. ਐਮ ਨਾਬਾਰਡ ਵੱਲੋਂ ਤਿਆਰ ਕੀਤੀ ਗਈ ਜ਼ਿਲ੍ਹਾ ਹੁਸ਼ਿਆਰਪੁਰ ਦੀ ਪੀ. ਐਲ. ਪੀ 2024-25 ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਜਾਰੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ, ਐਸ. ਆਰ. ਐਲ. ਐਮ/ਐਨ. ਯੂ. ਐਲ. ਐਮ ਆਦਿ ਦੇ ਅਧਿਕਾਰੀ ਅਤੇ ਸਮੂਹ ਬੈਂਕਾਂ ਦੇ ਡੀ. ਸੀ. ਓ ਹਾਜ਼ਰ ਸਨ।