ਬੱਸ ਅਤੇ ਕੈਂਟਰ ਦੀ ਟੱਕਰ ‘ਚ 12 ਲੋਕ ਜ਼ਖਮੀ 

ਜਲੰਧਰ 28 ਸਤੰਬਰ 2024 : ਨਕੋਦਰ - ਜਲੰਧਰ ਮਾਰਗ ਬਾਈਪਾਸ ਚੌਕ ‘ਤੇ ਬੱਸ ਅਤੇ ਕੈਂਟਰ ਦੀ ਟੱਕਰ ਹੋ ਗਈ, ਜਿਸ ‘ਚ 12 ਲੋਕ ਜ਼ਖਮੀ ਹੋ ਗਏ। ਦੋਵਾਂ ਵਾਹਨਾਂ ਦੇ ਡਰਾਈਵਰ ਅਤੇ ਬੱਸ ਕੰਡਕਟਰ ਵੀ ਜ਼ਖ਼ਮੀਆਂ ਵਿੱਚ ਸ਼ਾਮਲ ਹਨ। ਜਾਣਕਾਰੀ ਅਨੁਸਾਰ ਬੱਸ ਜਲੰਧਰ ਤੋਂ ਨਕੋਦਰ ਬੱਸ ਸਟੈਂਡ ਵੱਲ ਆ ਰਹੀ ਸੀ ਤਾਂ ਮਲਸੀਆਂ ਵਾਲੇ ਪਾਸੇ ਤੋਂ ਮਾਲ ਲੱਦਿਆ ਕੈਂਟਰ ਜਦੋਂ ਚੌਕ ਨੂੰ ਪਾਰ ਕਰਨ ਲੱਗੇ ਤਾਂ ਇਹ ਹਾਦਸਾ ਵਾਪਰ ਗਿਆ। ਜ਼ਖ਼ਮੀਆਂ ਦੀ ਪਛਾਣ ਊਸ਼ਾ ਰਾਣੀ (65) ਨਕੋਦਰ, ਪਵਨਦੀਪ ਕੌਰ (26) ਮਹਿਤਪੁਰ, ਹਰਪ੍ਰੀਤ, ਸੁਰਜੀਤ ਕੌਰ ਚੱਕਕਲਾਂ, ਮਨਪ੍ਰੀਤ ਕੌਰ (28) ਫ਼ਿਰੋਜ਼ਪੁਰ, ਜਸਲੀਨ ਕੌਰ (21) ਨਕੋਦਰ, ਪ੍ਰਭਜੋਤ ਕੌਰ ਸ਼ਾਹਕੋਟ, ਬੱਸ ਡਰਾਈਵਰ ਗੁਰਪ੍ਰੀਤ ਸਿੰਘ, ਬੱਸ ਕੰਡਕਟਰ ਵਜੋਂ ਹੋਈ | ਗੁਰਪ੍ਰੀਤ ਸਿੰਘ (32) ਪਿੰਡ ਬੱਗੇ ਤਹਿਸੀਲ ਧਰਮਕੋਟ, ਮਨਦੀਪ ਸਿੰਘ ਕੈਂਟਰ ਚਾਲਕ ਤਲਵੰਡੀ ਭੜੌ। ਬੱਸ ਕੈਂਟਰ ਦੇ ਸੜਕ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪੁੱਜ ਗਈ। ਬੱਸ ਵਿੱਚ ਸਵਾਰ ਜ਼ਖ਼ਮੀਆਂ ਨੂੰ ਲੋਕਾਂ ਨੇ ਤੁਰੰਤ ਚੌਕ ਨੇੜੇ ਕਮਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਚੌਕ ਨੇੜੇ ਲੱਗੇ ਸੀਸੀਟੀਵੀ ‘ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਸ ਹਾਦਸੇ ਲਈ ਕੌਣ ਜ਼ਿੰਮੇਵਾਰ ਹੈ।