ਚੰਡੀਗੜ੍ਹ, 13 ਅਪ੍ਰੈਲ : ਹਰਦੀਪ ਸਿੰਘ ਪੁਰੀ, ਮਾਨਯੋਗ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਨੇ ਏਅਰੋਸਿਟੀ, ਮੋਹਾਲੀ ਵਿਖੇ ਇੰਡੀਅਨ ਆਇਲ ਕੰਪਨੀ ਦੀ ਮਲਕੀਅਤ ਵਾਲੇ ਰਿਟੇਲ ਆਊਟਲੈੱਟ ਦਾ ਦੌਰਾ ਕੀਤਾ ਅਤੇ ਰਿਟੇਲ ਆਊਟਲੈੱਟ ਵਿਖੇ ਇੱਕ ਟੌਏ ਕਿਓਸਕ ਦਾ ਉਦਘਾਟਨ ਕੀਤਾ। ਇਸ ਮੌਕੇ ਵੀ ਸਤੀਸ਼ ਕੁਮਾਰ, ਡਾਇਰੈਕਟਰ (ਮਾਰਕੀਟਿੰਗ), ਇੰਡੀਅਨ ਆਇਲ; ਸ਼੍ਰੀ ਜਿਤੇਂਦਰ ਕੁਮਾਰ, ਕਾਰਜਕਾਰੀ ਨਿਰਦੇਸ਼ਕ ਅਤੇ ਸਟੇਟ ਹੈੱਡ, ਇੰਡੀਅਨ ਆਇਲ, ਪੰਜਾਬ ਰਾਜ ਦਫਤਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਕੇਂਦਰੀ ਮੰਤਰੀ ਨੇ ਇੰਡੀਅਨ ਆਇਲ ਦ ਹੈਂਡਲਿੰਗ ਅਤੇ ਨਵੇਂ ਸਟਾਰਟ ਅੱਪ ਅਰਬਨ ਟੌਟਸ ਨੂੰ ਸਮਰਥਨ ਦੇਣ ਦੀ ਆਪਣੀ ਕਿਸਮ ਦੀ ਇਸ ਇੱਕ ਪਹਿਲ 'ਤੇ ਖੁਸ਼ੀ ਜ਼ਾਹਰ ਕੀਤੀ। ਇਸ ਪਹਿਲ ਨਾਲ ਦੇਸ਼ ਵਿੱਚ ਉੱਦਮਤਾ ਦਾ ਸੱਭਿਆਚਾਰ ਵਿਕਸਿਤ ਹੋਵੇਗਾ। ਇਹ ਪ੍ਰਧਾਨ ਮੰਤਰੀ ਦੇ "ਆਤਮਨਿਰਭਰ ਭਾਰਤ" ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਦਦਗਾਰ ਹੋਵੇਗਾ। ਇਸ ਤੋਂ ਇਲਾਵਾ, ਕਿਓਸਕ ਦੀ ਸਥਾਪਨਾ ਜਨਤਕ ਸਹੂਲਤ ਲਈ ਰਿਟੇਲ ਆਊਟਲੈੱਟਾਂ 'ਤੇ ਜਗ੍ਹਾ ਦੀ ਸਰਵੋਤਮ ਵਰਤੋਂ ਨੂੰ ਵਧਾਏਗੀ। ਉਨ੍ਹਾਂ ਇਸ ਮੌਕੇ ਹਾਜ਼ਰ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬੱਚਿਆਂ ਵਿੱਚ ਉੱਦਮ ਦੀ ਭਾਵਨਾ ਪੈਦਾ ਕਰਨ ਲਈ ਪ੍ਰੇਰਿਤ ਕੀਤਾ। ਮਾਨਯੋਗ ਕੇਂਦਰੀ ਮੰਤਰੀ ਨੇ ਰਿਟੇਲ ਆਊਟਲੈੱਟ 'ਤੇ ਸਥਾਪਿਤ ਨਵੀਨਤਮ ਡਿਸਪੈਂਸਿੰਗ ਯੂਨਿਟਾਂ ਅਤੇ ਹੋਰ ਗਾਹਕ ਕੇਂਦ੍ਰਿਤ ਪਹਿਲਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਆਊਟਲੈੱਟ 'ਤੇ ਮੌਜੂਦ ਗਾਹਕਾਂ ਤੋਂ ਮਿਲੇ ਸਕਾਰਾਤਮਕ ਹੁੰਗਾਰੇ 'ਤੇ ਤਸੱਲੀ ਪ੍ਰਗਟਾਈ। ਇਸ ਮੌਕੇ 'ਤੇ ਬੋਲਦਿਆਂ ਇੰਡੀਅਨ ਆਇਲ ਦੇ ਡਾਇਰੈਕਟਰ (ਮਾਰਕੀਟਿੰਗ) ਵੀ ਸਤੀਸ਼ ਕੁਮਾਰ ਨੇ ਕਿਹਾ ਕਿ ਪੈਟਰੋਲ ਪੰਪਾਂ 'ਤੇ ਸਪੇਅਰ ਪਾਰਟਸ, ਟਾਇਰਾਂ, ਸਨੈਕਸ ਅਤੇ ਪੀਣ ਵਾਲੇ ਪਦਾਰਥਾਂ ਤੋਂ ਇਲਾਵਾ ਖਿਡੌਣਿਆਂ ਦੀ ਸਭ ਤੋਂ ਵੱਧ ਮੰਗ ਹੈ। ਉਨ੍ਹਾਂ ਅੱਗੇ ਕਿਹਾ ਕਿ ਇੰਡੀਅਨ ਆਇਲ ਅਰਬਨ ਟੌਟਸ ਦੇ ਖਿਡੌਣਿਆਂ ਦੀ ਵਿਸ਼ਾਲ ਸ਼੍ਰੇਣੀ ਦੇ ਨਾਲ ਗਾਹਕ ਅਨੁਭਵ ਨੂੰ ਵਧਾਉਣ ਦੇ ਯੋਗ ਹੋਵੇਗਾ, ਜਿਸ ਦੇ ਨਤੀਜੇ ਵਜੋਂ ਗਾਹਕਾਂ ਨੂੰ ਖੁਸ਼ੀ ਮਿਲੇਗੀ। ਅਸੀਂ ਇੱਕ ਸਮੂਹ ਵਜੋਂ ਆਪਣੇ ਗਾਹਕਾਂ ਲਈ ਵੰਨ ਸਟਾਪ ਸ਼ੌਪ ਬਣਨ ਦੇ ਮਿਸ਼ਨ 'ਤੇ ਕੰਮ ਕਰ ਰਹੇ ਹਾਂ। ਇੰਡੀਅਨ ਆਇਲ, ਭਾਰਤ ਦੀ ਊਰਜਾ ਨੇ ਮੈਸਰਜ਼ ਦੀਪਕ ਹਾਊਸਵੇਅਰਜ਼ ਐਂਡ ਟੌਇਸ ਪ੍ਰਾਈਵੇਟ ਲਿਮਟਿਡ ਨਾਲ ਇੱਕ ਸਮਝੌਤਾ ਕੀਤਾ ਹੈ, ਜੋ ਕਿ ਅਰਬਨ ਟੌਟਸ ਵਜੋਂ ਜਾਣੀ ਜਾਂਦੀ ਹੈ, ਜੋ ਖਿਡੌਣਿਆਂ ਦੇ ਨਿਰਮਾਣ ਅਤੇ ਵੇਚਣ ਦੇ ਕਾਰੋਬਾਰ ਵਿੱਚ ਲੱਗੀ ਹੋਈ ਹੈ। ਇੰਡੀਅਨ ਆਇਲ ਆਪਣੇ ਰਿਟੇਲ ਆਊਟਲੈੱਟਸ 'ਤੇ ਅਰਬਨ ਟੌਟਸ ਨੂੰ ਖਿਡੌਣਿਆਂ ਦੀਆਂ ਦੁਕਾਨਾਂ/ਕਿਓਸਕ ਸਥਾਪਤ ਕਰਨ ਲਈ ਜਗ੍ਹਾ ਪ੍ਰਦਾਨ ਕਰੇਗਾ ਅਤੇ ਅਰਬਨ ਟੌਟਸ ਆਪਣੇ ਉਤਪਾਦਾਂ ਦੀ ਈਂਧਣ ਅਤੇ ਹੋਰ ਸਹਾਇਕ ਗੈਰ-ਈਂਧਣ ਲੋੜਾਂ ਲਈ ਇਨ੍ਹਾਂ ਆਊਟਲੈੱਟਸ 'ਤੇ ਆਉਣ ਵਾਲੇ ਗਾਹਕਾਂ ਨੂੰ ਮਾਰਕੀਟਿੰਗ ਕਰੇਗਾ। ਇਸ ਦੀ ਸ਼ੁਰੂਆਤ ਕਰਨ ਲਈ, ਟ੍ਰਾਈਸਿਟੀ ਵਿੱਚ ਅਰਬਨ ਟੌਟਸ ਦੇ ਪਹਿਲੇ ਪੰਜ ਖਿਡੌਣਿਆਂ ਦੇ ਸਟੋਰ ਲਾਂਚ ਕੀਤੇ ਗਏ ਹਨ ਅਤੇ ਜਲਦੀ ਹੀ ਦੇਸ਼ ਭਰ ਵਿੱਚ ਅਜਿਹੇ 500 ਹੋਰ ਟੌਏ ਕਿਓਸਕ ਸਥਾਪਤ ਕੀਤੇ ਜਾਣਗੇ। ਇੰਡੀਅਨ ਆਇਲ ਦੇ ਆਊਟਲੈੱਟਸ 'ਤੇ ਇਹ ਨਵੀਂ ਪੇਸ਼ਕਸ਼ ਕਾਰਪੋਰੇਸ਼ਨ ਦੀ ਗਾਹਕ ਕੇਂਦ੍ਰਿਤ ਪਹੁੰਚ ਵੱਲ ਇੱਕ ਹੋਰ ਪਹਿਲ ਹੈ।