- "ਉਹਨਾਂ ਭਾਈਵਾਲਾਂ ਦੀਆਂ ਸਮੱਸਿਆਵਾਂ ਸੁਣੀਆਂ; ਜਲਦੀ ਹੱਲ ਕਰਨ ਦਾ ਦਿੱਤਾ ਭਰੋਸਾ*
ਚੰਡੀਗੜ੍ਹ, 29 ਮਈ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਅਤੇ ਸੂਬੇ ਦੇ ਨੌਜਵਾਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਇਸ ਉਦੇਸ਼ ਦੀ ਪ੍ਰਾਪਤੀ ਅਤੇ ਬੀਐਨਬੀ, ਫਾਰਮਸਟੇ ਅਤੇ ਹੋਮਸਟੇ ਟੂਰਿਜ਼ਮ ਨੂੰ ਪ੍ਰਫੁੱਲਤ ਕਰਨ ਲਈ, ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਦੀ ਅਗਵਾਈ ਵਿੱਚ ਬੀਤੇ ਦਿਨ ਚੰਡੀਗੜ੍ਹ ਵਿਖੇ ਇਸ ਸੈਕਟਰ ਨਾਲ ਜੁੜੇ ਵੱਖ-ਵੱਖ ਭਾਈਵਾਲਾਂ ਨਾਲ ਕਾਨਫ਼ਰੰਸ ਕੀਤੀ ਗਈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਕਿਰਤ, ਪ੍ਰਾਹੁਣਚਾਰੀ ਅਤੇ ਨਿਵੇਸ਼ ਪ੍ਰੋਸਤਾਹਨ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਵੱਧ ਤੋਂ ਵੱਧ ਸੈਲਾਨੀਆਂ ਨੂੰ ਪੰਜਾਬ ਵੱਲ ਆਕਰਸ਼ਿਤ ਕਰਨ ਲਈ ਸੂਬੇ ਵਿੱਚ ਉਪਲਬਧ ਹੋਮਸਟੇਅ ਅਤੇ ਫਾਰਮਸਟੇਅ ਦੇ ਵਿਕਲਪਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸੈਰ ਸਪਾਟਾ ਉੱਦਮੀਆਂ ਨਾਲ ਕਾਨਫਰੰਸ ਕੀਤੀ ਗਈ। ਮੰਤਰੀ ਨੇ ਇਸ ਖੇਤਰ ਦੇ ਪੇਸ਼ੇਵਰਾਂ, ਹੋਮਸਟੇਅ ਅਤੇ ਫਾਰਮਸਟੇ ਆਪਰੇਟਰਾਂ ਅਤੇ ਵੱਖ-ਵੱਖ ਸੈਰ-ਸਪਾਟਾ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਵੇਖਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੂਬਾ ਸਰਕਾਰ ਵੱਲੋਂ ਇਨ੍ਹਾਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਉਹਨਾਂ ਭਰੋਸਾ ਦਿਵਾਇਆ ਕਿ ਸੈਰ ਸਪਾਟਾ ਦੇ ਭਾਈਵਾਲਾਂ ਨੂੰ ਦਰਪੇਸ਼ ਚੁਣੌਤੀਆਂ ਦਾ ਹਰ ਸੰਭਵ ਹੱਲ ਕੀਤਾ ਜਾਵੇਗਾ। ਇਸ ਮੌਕੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਕੱਤਰ ਗੁਰਕਿਰਤ ਕਿਰਪਾਲ ਸਿੰਘ ਅਤੇ ਮੈਨੇਜਰ ਸਟੈਟਿਸਟਿਕਸ ਸ਼ੀਤਲ ਬਹਿਲ ਅਤੇ ਸੈਰ ਸਪਾਟਾ ਨਾਲ ਸਬੰਧਤ ਭਾਈਵਾਲ ਮੌਜੂਦ ਸਨ।